ਅਹਿਮਦਾਬਾਦ ਹਾਦਸਾ: ਅਸੀਂ ਸੱਚਾਈ ਦੇ ਨਾਲ ਖੜ੍ਹੇ ਹੋਣ ਲਈ ਵਚਨਬੱਧ ਹਾਂ- ਸ਼ਹਿਰੀ ਹਵਾਬਾਜ਼ੀ ਮੰਤਰੀ

ਨਵੀਂ ਦਿੱਲੀ, 21 ਜੁਲਾਈ- ਰਾਜ ਸਭਾ ਵਿਚ ਅਹਿਮਦਾਬਾਦ ਹਵਾਈ ਜਹਾਜ਼ ਹਾਦਸੇ ਬਾਰੇ ਬੋਲਦੇ ਹੋਏ ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਕਿਹਾ ਕਿ ਜਾਂਚ ਅੰਤਰਰਾਸ਼ਟਰੀ ਪ੍ਰੋਟੋਕੋਲ ਅਨੁਸਾਰ ਕੀਤੀ ਜਾ ਰਹੀ ਹੈ। ਜੇਕਰ ਤੁਸੀਂ ਸ਼ੁਰੂਆਤੀ ਰਿਪੋਰਟ ’ਤੇ ਨਜ਼ਰ ਮਾਰੋਗੇ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਪਹਿਲਾਂ ਜਦੋਂ ਵੀ ਬਲੈਕ ਬਾਕਸ ਨੂੰ ਥੋੜ੍ਹਾ ਜਿਹਾ ਵੀ ਨੁਕਸਾਨ ਹੁੰਦਾ ਸੀ, ਤਾਂ ਅਸੀਂ ਇਸ ਨੂੰ ਵਿਦੇਸ਼ ਭੇਜਦੇ ਸੀ।
ਹਾਲਾਂਕਿ, ਪਹਿਲੀ ਵਾਰ ਭਾਰਤ ਨੇ ਇਸ ਦੀ ਸੁਤੰਤਰ ਤੌਰ ’ਤੇ ਜਾਂਚ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਨਿਸ਼ਚਿਤ ਸਿੱਟੇ ’ਤੇ ਪਹੁੰਚਣ ਲਈ, ਸਾਨੂੰ ਅੰਤਿਮ ਰਿਪੋਰਟ ਦੀ ਉਡੀਕ ਕਰਨੀ ਪਵੇਗੀ। ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਇਕ ਵਿਸਤ੍ਰਿਤ, ਨਿਯਮ-ਅਧਾਰਤ ਪ੍ਰਕਿਰਿਆ ਦੀ ਪਾਲਣਾ ਕਰਦਾ ਹੈ ਅਤੇ ਪੂਰੀ ਤਰ੍ਹਾਂ ਨਿਰਪੱਖ ਹੈ।
ਹਾਲਾਂਕਿ ਬਹੁਤ ਸਾਰੇ ਸਵਾਲ ਉੱਠ ਸਕਦੇ ਹਨ ਅਤੇ ਪੱਛਮੀ ਮੀਡੀਆ ਆਪਣੀਆਂ ਕਹਾਣੀਆਂ ਘੜ ਸਕਦਾ ਹੈ, ਪਰ ਸਾਡੀ ਪਹੁੰਚ ਤੱਥਾਂ ’ਤੇ ਆਧਾਰਿਤ ਹੈ। ਅਸੀਂ ਸੱਚਾਈ ਦੇ ਨਾਲ ਖੜ੍ਹੇ ਹੋਣ ਅਤੇ ਜੋ ਹੋਇਆ ਉਸਦਾ ਪਰਦਾਫਾਸ਼ ਕਰਨ ਲਈ ਵਚਨਬੱਧ ਹਾਂ।