ਪਿੰਡ ਰਾਵਾਂ ਧੱਕੜਾ ਦੇ ਬਸ ਸਟੈਂਡ ਨਾਲ ਟਕਰਾਇਆ ਟਿੱਪਰ, ਬੱਸ ਸਟੈਂਡ ਮਲਬੇ ਵਿਚ ਤਬਦੀਲ


ਬੇਗੋਵਾਲ, (ਕਪੂਰਥਲਾ), 21 ਜੁਲਾਈ (ਸੁਖਜਿੰਦਰ ਸਿੰਘ)- ਨਡਾਲਾ ਬੇਗੋਵਾਲ ਰੋਡ ’ਤੇ ਪਿੰਡ ਰਾਵਾਂ ਧੱਕੜਾ ਦੇ ਬੱਸ ਸਟੈਂਡ ਨਾਲ ਟਿੱਪਰ ਦੇ ਟਕਰਾਉਣ ਕਾਰਨ ਬੱਸ ਸਟੈਂਡ ਮਲਬੇ ਵਿਚ ਢੇਰੀ ਹੋ ਗਿਆ। ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਦਾ ਸਮਾਚਾਰ ਪ੍ਰਾਪਤ ਨਹੀਂ ਹੋਇਆ ਹੈ ਪਰ ਮਾਲੀ ਨੁਕਸਾਨ ਕਾਫ਼ੀ ਹੋ ਗਿਆ ਹੈ। ਸਵੇਰੇ ਤੜਕਸਾਰ ਇਹ ਘਟਨਾ ਵਾਪਰੀ ਦੱਸੀ ਜਾ ਰਹੀ ਹੈ ਪਰ ਉਸ ਸਮੇਂ ਬਸ ਅੱਡੇ ਵਿੱਚ ਕੋਈ ਵੀ ਮੌਜੂਦ ਨਹੀਂ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਸਟੈਂਡ ਦੇ ਨਾਲ ਲੱਗਾ ਗਾਡਰ ਵੀ ਪੁੱਟਿਆ ਗਿਆ ਤੇ ਬੱਸ ਸਟੈਂਡ ਵੀ ਮਲਬੇ ਵਿਚ ਤਬਦੀਲ ਹੋ ਗਿਆ। ਜਦੋਂ ਤੱਕ ਲੋਕਾਂ ਨੂੰ ਪਤਾ ਲੱਗਿਆ ਉਦੋਂ ਤੱਕ ਟਿੱਪਰ ਡਰਾਈਵਰ ਮੌਕੇ ਤੋਂ ਜਾ ਚੁੱਕਾ ਸੀ, ਹਾਲੇ ਤੱਕ ਕੋਈ ਪਤਾ ਨਹੀਂ ਕਿ ਉਸ ਨੂੰ ਵੀ ਕੋਈ ਸੱਟ ਲੱਗੀ ਹੈ ਜਾਂ ਨਹੀਂ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਜਦੋਂ ਉਹ ਸਵੇਰੇ 4 ਵਜੇ ਦੇ ਕਰੀਬ ਇਥੋਂ ਲੰਘੇ ਤਾਂ ਬੱਸ ਸਟੈਂਡ ਸਹੀ ਸਲਾਮਤ ਸੀ।
ਜ਼ਿਕਰ ਯੋਗ ਹੈ ਕਿ ਪ੍ਰਸ਼ਾਸਨ ਵਲੋਂ ਦਿਨ ਵੇਲੇ ਟਿੱਪਰਾਂ ਦੇ ਇਥੋਂ ਲੰਘਣ ’ਤੇ ਪਾਬੰਦੀ ਲਗਾਈ ਹੋਈ ਹੈ ਪਰ ਇਹ ਟਿੱਪਰ ਦਿਨ ਰਾਤ ਬਾ-ਦਸਤੂਰ ਇਸ ਰਸਤੇ ਤੋਂ ਲੰਘਦੇ ਹਨ, ਜਿਸ ਦਾ ਸ਼ਿਕਾਰ ਹੋ ਕੇ ਕਈ ਲੋਕ ਆਪਣੀ ਜਾਨਾਂ ਗਵਾ ਚੁੱਕੇ ਹਨ। ਹਲਕਾ ਭੁਲੱਥ ਦੇ ਕਸਬਾ ਨਡਾਲਾ, ਬੇਗੋਵਾਲ ਤੇ ਭੁਲੱਥ ਦੇ ਵਸਨੀਕਾਂ ਨੇ ਕਈ ਵਾਰ ਪ੍ਰਸ਼ਾਸਨ ਤੋਂ ਇਸ ਤੇ ਪੂਰਨ ਤੌਰ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਵਲੋਂ ਟਿੱਪਰ ਚਾਲਕ ਦੇ ਖਿਲਾਫ਼ ਕੀ ਕਾਰਵਾਈ ਕੀਤੀ ਜਾਂਦੀ ਹੈ।