ਯੂ.ਟੀ. ਪ੍ਰਸ਼ਾਸਨ ਫ਼ਰਨੀਚਰ ਮਾਰਕੀਟ ਖ਼ਾਲੀ ਕਰਵਾਉਣ ਲਈ ਐਤਵਾਰ ਨੂੰ ਕਰੇਗਾ ਕਾਰਵਾਈ

ਚੰਡੀਗੜ੍ਹ, 18 ਜੁਲਾਈ (ਸੰਦੀਪ ਕੁਮਾਰ ਮਾਹਨਾ)–ਯੂ.ਟੀ ਪ੍ਰਸ਼ਾਸਨ ਵਲੋਂ ਚੰਡੀਗੜ੍ਹ 'ਚ ਨਾਜਾਇਜ਼ ਤੌਰ 'ਤੇ ਬਣਾਈਆਂ ਗਈਆਂ ਕਾਲੋਨੀਆਂ ਨੂੰ ਢਾਹ ਦਿੱਤੇ ਜਾਣ ਤੋਂ ਬਾਅਦ ਹੁਣ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਸਭ ਤੋਂ ਵੱਡੇ ਫ਼ਰਨੀਚਰ ਮਾਰਕੀਟ 'ਚ ਬਣੀਆਂ ਦੁਕਾਨਾਂ 'ਤੇ ਪ੍ਰਸ਼ਾਸਨ ਕਾਰਵਾਈ ਕਰਨ ਜਾ ਰਹੀ ਹੈ | ਦਰਅਸਲ ਪੰਜਾਬ ਤੇ ਚੰਡੀਗੜ੍ਹ ਦੀ ਸੀਮਾ ਤੇ ਸੈਕਟਰ 53/54 'ਚ ਬਣੀ ਫ਼ਰਨੀਚਰ ਮਾਰਕੀਟ ਦੀਆਂ ਲਗਭਗ 116 ਛੋਟੀਆਂ ਅਤੇ ਵੱਡੀਆਂ ਫ਼ਰਨੀਚਰ ਦੁਕਾਨਾਂ ਨੂੰ ਢਾਹੁਣ ਦੀ ਕਾਰਵਾਈ ਦੀਆਂ ਤਿਆਰੀਆਂ ਸੰਬੰਧੀ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਅੱਜ ਯੂ.ਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ | ਜਿਸ 'ਚ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਹਾਜ਼ਰ ਰਹੇ | ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਾਰੇ ਸੰਬੰਧਿਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੂਰੀ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ | ਉਨ੍ਹਾਂ ਹਦਾਇਤ ਕੀਤੀ ਕਿ ਸੁਰੱਖਿਆ, ਟ੍ਰੈਫਿਕ ਨਿਯਮ, ਫ਼ਾਇਰ ਬਿ੍ਗੇਡ, ਡਾਕਟਰੀ ਸਹਾਇਤਾ ਅਤੇ ਢਾਹੁਣ ਤੋਂ ਬਾਅਦ ਦੀ ਪ੍ਰਵਾਨਗੀ ਲਈ ਵਿਆਪਕ ਪ੍ਰਬੰਧ ਕੀਤੇ ਜਾਣ | ਦੱਸ ਦਈਏ ਕਿ ਯੂ.ਟੀ ਪ੍ਰਸ਼ਾਸਨ ਵਲੋਂ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ 1 ਹਜ਼ਾਰ ਦੇ ਕਰੀਬ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਸਬੰਧੀ ਯੋਜਨਾ ਬਣਾਈ ਗਈ ਹੈ | ਡਿਪਟੀ ਕਮਿਸ਼ਨਰ ਨੇ ਦੁਹਰਾਇਆ ਕਿ ਇਹ ਮੁਹਿੰਮ ਕਾਨੂੰਨੀ ਪ੍ਰਬੰਧਾਂ ਦੇ ਅਨੁਸਾਰ ਅਤੇ ਵਡੇਰੇ ਜਨਤਕ ਹਿੱਤ 'ਚ ਚਲਾਈ ਜਾ ਰਹੀ ਹੈ | ਉਨ੍ਹਾਂ ਸਾਰੇ ਵਿਭਾਗਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਮਿਹਨਤ ਅਤੇ ਤਾਲਮੇਲ ਨਾਲ ਨਿਭਾਉਣ ਦੀ ਅਪੀਲ ਕੀਤੀ | ਜ਼ਿਕਰਯੋਗ ਹੈ ਕਿ ਯੂ.ਟੀ ਪ੍ਰਸ਼ਾਸਨ 20 ਜੁਲਾਈ (ਐਤਵਾਰ) ਨੂੰ ਸੈਕਟਰ 53 ਅਤੇ 54 'ਚ ਸਥਿਤ ਫ਼ਰਨੀਚਰ ਮਾਰਕੀਟ 'ਤੇ ਇਹ ਵੱਡੀ ਕਾਰਵਾਈ ਕਰਨ ਜਾ ਰਿਹਾ ਹੈ | ਪ੍ਰਸ਼ਾਸਨ ਨੇ ਪਹਿਲਾਂ ਹੀ ਇਸ ਮਾਰਕੀਟ ਨੂੰ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਸਨ ਅਤੇ ਹੁਣ ਐਤਵਾਰ ਨੂੰ ਨਾਜਾਇਜ਼ ਕਬਜ਼ੇ ਢਾਹੁਣ ਲਈ ਮੁਹਿੰਮ ਚਲਾਈ ਜਾਵੇਗੀ | ਫ਼ਰਨੀਚਰ ਮਾਰਕੀਟ ਦੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਜਗ੍ਹਾ ਦੀ ਮੰਗ ਕੀਤੀ ਸੀ ਪਰ ਇਸ ਮੰਗ ਨੂੰ ਅਸਟੇਟ ਅਫ਼ਸਰ ਨੇ ਰੱਦ ਕਰ ਦਿੱਤਾ | ਦਰਅਸਲ, ਜਿਸ ਜ਼ਮੀਨ 'ਤੇ ਇਹ ਦੁਕਾਨਾਂ ਚੱਲ ਰਹੀਆਂ ਹਨ, ਉਹ ਸਾਲ 2002 'ਚ ਐਕੁਆਇਰ ਕੀਤੀ ਗਈ ਸੀ | ਸੈਕਟਰ 53, 54 ਅਤੇ 55 ਦੇ ਫ਼ੇਜ਼ 999 ਦੇ ਵਿਕਾਸ ਲਈ ਕੁੱਲ 227.22 ਏਕੜ ਜ਼ਮੀਨ (ਜਿਸ 'ਚ ਕਜਹੇੜੀ ਪਿੰਡ ਦੀ 114.43 ਏਕੜ, ਬਡਹੇੜੀ ਪਿੰਡ ਦੀ 69.79 ਏਕੜ ਅਤੇ ਪਲਾਸੌਰਾ ਪਿੰਡ ਦੀ 43 ਏਕੜ ਸ਼ਾਮਿਲ ਹੈ) ਹਾਸਲ ਕੀਤੀ ਗਈ ਸੀ | ਇਸ ਦੇ ਬਦਲੇ ਅਸਲ ਜ਼ਮੀਨ ਮਾਲਕਾਂ ਨੂੰ ਮੁਆਵਜ਼ਾ ਅਤੇ ਵਧਿਆ ਹੋਇਆ ਮੁਆਵਜ਼ਾ ਦੋਵੇਂ ਦਿੱਤੇ ਗਏ ਹਨ |