ਜਲਿ੍ਹਆਂਵਾਲਾ ਬਾਗ ਕਤਲੇਆਮ ਲਈ ਮੁਆਫ਼ੀ ਮੰਗਣ ਲਈ ਬਰਤਾਨੀਆ ਦੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਪੱਤਰ ਸੌਂਪਿਆ
ਲੰਡਨ, 18 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-13 ਅਪ੍ਰੈਲ 1919 ਨੂੰ ਵਾਪਰੇ ਜਲਿ੍ਹਆਂਵਾਲਾ ਬਾਗ ਹੱਤਿਆਕਾਂਡ ਲਈ ਸਰਕਾਰੀ ਤੌਰ 'ਤੇ ਮੁਆਫ਼ੀ ਮੰਗਣ ਲਈ ਇੱਕ ਪੱਤਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਦਫ਼ਤਰ ਨੂੰ ਸੌਂਪਿਆ | ਸੰਸਦ ਮੈਂਬਰ ਜੱਸ ਅਟਵਾਲ ਨੇ ਇਸ ਸੰਬੰਧੀ ਕਿਹਾ ਕਿ ਜਲਿ੍ਹਆਂਵਾਲਾ ਬਾਗ ਬਰਤਾਨਵੀ ਇਤਿਹਾਸ ਦੇ ਸਭ ਤੋਂ ਵੱਡੇ ਧੱਬਿਆਂ 'ਚੋਂ ਇਕ ਹੈ | ਇੱਕ ਅਧਿਕਾਰਤ ਮੁਆਫ਼ੀ ਜ਼ਖ਼ਮਾਂ ਨੂੰ ਪੂਰੀ ਤਰ੍ਹਾਂ ਨਹੀਂ ਭਰੇਗੀ, ਪਰ ਇਹ ਮੁਆਫ਼ੀ ਇਸ ਭਿਆਨਕ ਗਲਤੀ ਨੂੰ ਠੀਕ ਕਰਨ ਲਈ ਕੁਝ ਹੱਦ ਤੱਕ ਮਦਦ ਕਰੇਗੀ ਅਤੇ ਜ਼ਖ਼ਮਾਂ 'ਤੇ ਮਲ੍ਹਮ ਹੋਵੇਗੀ | ਉਹਨਾਂ ਕਿਹਾ ਕਿ 2019 ਦੇ ਲੇਬਰ ਮੈਨੀਫੈਸਟੋ 'ਚ ਮੁਆਫ਼ੀ ਮੰਗਣ ਦਾ ਵਾਅਦਾ ਕੀਤਾ ਗਿਆ ਸੀ | ਹੁਣ ਸਰਕਾਰ ਨੂੰ ਇਸਨੂੰ ਪੂਰਾ ਕਰਨਾ ਚਾਹੀਦਾ ਹੈ | ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਮੰਗ ਕਰ ਰਹੇ ਹਨ ਕਿ ਇਤਿਹਾਸ ਦੇ ਇਹਨਾਂ ਕਾਲੇ ਪੰਨਿਆਂ ਨੂੰ ਭਾਰਤ ਤੇ ਖਾਸ ਤੌਰ 'ਤੇ ਪੰਜਾਬ ਦੇ ਲੋਕ ਭੁੱਲੇ ਨਹੀਂ ਹਨ | ਪੀੜਤ ਪਰਿਵਾਰਾਂ ਦੇ ਦੁੱਖ ਵੰਡਾਉਣ ਲਈ ਮੁਆਫ਼ੀ ਮੰਗਣੀ ਚਾਹੀਦੀ | ਇੰਡੀਅਨ ਵਰਕਰਜ਼ ਐਸੋਸੀਏਸ਼ਨ ਯੂ.ਕੇ. ਦੇ ਜਨਰਲ ਸਕੱਤਰ ਹਰਸੇਵ ਬੈਂਸ ਨੇ ਕਿਹਾ ਕਿ ਜਲਿ੍ਹਆਂਵਾਲੇ ਬਾਗ 'ਚ ਨਿਰਦੋਸ਼ ਲੋਕਾਂ ਦਾ ਕਤਲ ਕੀਤਾ ਗਿਆ ਸੀ, ਜਿਸ ਨੂੰ ਬਰਤਾਨੀਆ ਦੇ ਪ੍ਰਧਾਨ ਮੰਤਰੀ ਵੀ ਮੰਨ ਚੁੱਕੇ ਹਨ ਪਰ ਅਫ਼ਸੋਸ ਕਿ ਇਸ ਕਤਲੇਆਮ ਦੀ ਜ਼ਿੰਮੇਵਾਰੀ ਲੈਂਦਿਆਂ ਬਰਤਾਨੀਆ ਸਰਕਾਰ ਨੇ ਹੁਣ ਤੱਕ ਮੁਆਫ਼ੀ ਨਹੀਂ ਮੰਗੀ | ਇਸ ਮੌਕੇ ਸੰਸਦ ਮੈਂਬਰ ਜੌਹਨ ਮੈਕਡੋਨਲ, ਸੰਸਦ ਮੈਂਬਰ ਜਸ ਅਠਵਾਲ, ਬੈਰਨ ਪ੍ਰੇਮ ਸਿੱਕਾ, ਲਾਰਡ ਕੁਲਦੀਪ ਸਿੰਘ ਸਹੋਤਾ, ਜੋਗਿੰਦਰ ਬੈਂਸ, ਸ਼ਹਿਰੀਅਰ ਬਿਨ ਅਲੀ, ਪਰਮਜੀਤ ਸਿੰਘ ਭੋਗਲ, ਗਵੈਨ ਲਿਟਲ, ਸ਼ੋਕਤ ਐਡਮ ਆਦਿ ਹਾਜ਼ਰ ਸਨ |