ਸ਼ਰਾਬ ਘੁਟਾਲਾ ਮਾਮਲਾ: ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਦੇ ਪੁੱਤਰ ਨੂੰ ਈ.ਡੀ. ਨੇ ਕੀਤਾ ਗ੍ਰਿਫ਼ਤਾਰ

ਰਾਏਪੁਰ, 18 ਜੁਲਾਈ-ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸ਼ੁੱਕਰਵਾਰ ਨੂੰ ਸੀਨੀਅਰ ਕਾਂਗਰਸੀ ਨੇਤਾ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਦੇ ਪੁੱਤਰ ਚੈਤਨਿਆ ਬਘੇਲ ਨੂੰ ਸ਼ਰਾਬ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਤੇ ਇਹ ਅਧਿਕਾਰਤ ਸੂਤਰਾਂ ਨੇ ਦੱਸਿਆ। ਭੂਪੇਸ਼ ਬਘੇਲ ਅਨੁਸਾਰ, ਇਹ ਕਾਰਵਾਈ ਚੈਤਨਿਆ ਦੇ ਜਨਮਦਿਨ 'ਤੇ ਕੀਤੀ ਗਈ। ਜੂਨੀਅਰ ਬਘੇਲ ਨੂੰ ਬਾਅਦ ਵਿਚ ਇਕ ਅਦਾਲਤ ਨੇ ਪੰਜ ਦਿਨਾਂ ਦੀ ਈ.ਡੀ. ਰਿਮਾਂਡ 'ਤੇ ਭੇਜ ਦਿੱਤਾ। ਦੁਰਗ ਜ਼ਿਲ੍ਹੇ ਦੇ ਭਿਲਾਈ ਕਸਬੇ ਵਿਚ ਉਨ੍ਹਾਂ ਦੇ ਘਰ 'ਤੇ ਸਵੇਰੇ-ਸਵੇਰੇ ਕੀਤੀ ਛਾਪੇਮਾਰੀ ਤੋਂ ਬਾਅਦ ਈ.ਡੀ. ਨੇ ਚੈਤਨਿਆ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ.ਐਮ.ਐਲ.ਏ.) ਤਹਿਤ ਹਿਰਾਸਤ ਵਿਚ ਲੈ ਲਿਆ।
ਭੂਪੇਸ਼ ਬਘੇਲ ਨੇ ਦੋਸ਼ ਲਗਾਇਆ ਕਿ ਵਿਰੋਧੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਲਈ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਪਰ ਉਹ ਨਿਆਂਪਾਲਿਕਾ 'ਤੇ ਭਰੋਸਾ ਕਰਦੇ ਹਨ ਅਤੇ ਉਨ੍ਹਾਂ ਨਾਲ ਸਹਿਯੋਗ ਕਰਨਗੇ। ਕਾਂਗਰਸੀ ਵਿਧਾਇਕਾਂ ਨੇ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਦਿਨ ਭਰ ਲਈ ਰਾਜ ਵਿਧਾਨ ਸਭਾ ਦੀ ਕਾਰਵਾਈ ਦਾ ਬਾਈਕਾਟ ਕੀਤਾ ਅਤੇ ਏਜੰਸੀ 'ਤੇ ਵਿਰੋਧੀ ਧਿਰ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ।