ਨੰਬਰਦਾਰ ਪਰਮਜੀਤ ਸਿੰਘ ਰੰਧਾਵਾ ਸਹਿਕਾਰੀ ਸਭਾ ਲੌਂਗੋਵਾਲ ਦੇ ਸਰਬਸੰਮਤੀ ਨਾਲ ਬਣੇ ਪ੍ਰਧਾਨ

ਲੌਂਗੋਵਾਲ, 18 ਜੁਲਾਈ (ਸ.ਸ.ਖੰਨਾ, ਵਿਨੋਦ)-ਦੀ ਲੌਂਗੋਵਾਲ ਮਲਟੀਪਰਪਜ਼ ਕੋਆਪਰੇਟਿਵ ਐਗਰੀਕਲਚਰ ਸਰਵਿਸ ਸੇਵਾ ਸਭਾ ਦੀ ਚੋਣ ਬਹੁਮਤ ਨਾਲ ਹੋਈ। ਇਸ ਚੋਣ ਦੀ ਸਾਰੀ ਕਾਰਵਾਈ ਸਭਾ ਦੇ ਸਕੱਤਰ ਬਲਤੇਜ ਸਿੰਘ ਕੰਮੋਮਾਜਰਾ ਵਲੋਂ ਨੇਪਰੇ ਚਾੜ੍ਹੀ ਗਈ। ਇਸ ਚੋਣ ਦੀ ਵਿਲੱਖਣ ਗੱਲ ਇਹ ਰਹੀ ਕਿ ਇਹ ਚੋਣ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਸੀ ਭਾਈਚਾਰੇ ਨੂੰ ਬਰਕਰਾਰ ਰੱਖਦਿਆਂ ਬਹੁਤ ਹੀ ਸੁਖਾਵੇਂ ਮਾਹੌਲ ਵਿਚ ਹੋਈ।
ਇਹ ਚੋਣ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਬਲਵਿੰਦਰ ਸਿੰਘ ਢਿੱਲੋਂ, ਰਾਜ ਸਿੰਘ ਰਾਜੂ, ਮੇਲਾ ਸਿੰਘ ਸੂਬੇਦਾਰ, ਅੰਮ੍ਰਿਤਪਾਲ ਸਿੰਘ ਸਿੱਧੂ, ਸੁਖਪਾਲ ਸਿੰਘ ਬਾਜਵਾ ਦੀ ਦੇਖ-ਰੇਖ ਹੇਠ ਕਰਵਾਈ ਗਈ ਅਤੇ ਇਸ ਚੋਣ ਨੂੰ ਸੁਹਿਰਦ ਭਰੇ ਮਾਹੌਲ ਤੱਕ ਪਹੁੰਚਾਉਣ ਲਈ ਪੰਜ ਮੈਂਬਰੀ ਕਮੇਟੀ ਵਾਲੇ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਚੇਅਰਮੈਨ ਜੀਤ ਸਿੰਘ ਸਿੱਧੂ ਦਾ ਵੀ ਅਹਿਮ ਯੋਗਦਾਨ ਰਿਹਾ। ਸਾਬਕਾ ਚੇਅਰਮੈਨ ਜੀਤ ਸਿੰਘ ਸਿੱਧੂ ਵੀ ਆਪਣੇ ਮੈਂਬਰਾਂ ਨੂੰ ਨਾਲ ਲੈ ਕੇ ਪੁੱਜੇ ਤੇ ਦੋਵੇਂ ਧਿਰਾਂ ਨੇ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸੁਸਾਇਟੀ ਦਾ ਕੰਮ ਸਹੀ ਤਰੀਕੇ ਨਾਲ ਚਲਾਉਣ ਲਈ ਯੋਗ ਉਪਰਾਲੇ ਕੀਤੇ ਜਾਣ ਦਾ ਅਹਿਦ ਕੀਤਾ।