ਵਿਧਾਨ ਸਭਾ ਵਿਸ਼ੇਸ਼ ਇਜਲਾਸ: ਹਰਪਾਲ ਸਿੰਘ ਚੀਮਾ ਨੇ ਘੇਰੇ ਵਿਰੋਧੀ, ਕਾਂਗਰਸ ਵਲੋਂ ਵਾਕ-ਆਊਟ


ਚੰਡੀਗੜ੍ਹ, 11 ਜੁਲਾਈ (ਵਿਕਰਮਜੀਤ ਸਿੰਘ ਮਾਨ)- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੈਸ਼ਨ ਦੇ ਵਾਧੇ ਤੋਂ ਬਾਅਦ ਵਿਰੋਧੀ ਧਿਰ, ਖਾਸ ਕਰਕੇ ਕਾਂਗਰਸ ਨੂੰ ਹੁਣ ਮੁੱਦੇ ਉਠਾਉਣ ਦਾ ਸਮਾਂ ਮਿਲੇਗਾ। ਉਨ੍ਹਾਂ ਵਿਰੋਧੀ ਧਿਰ ਨੂੰ ਹੁਣ ਮਹੱਤਵਪੂਰਨ ਮੁੱਦੇ ਚੁੱਕਣ ਦੀ ਸਲਾਹ ਦਿੱਤੀ। ਪ੍ਰਤਾਪ ਸਿੰਘ ਬਾਜਵਾ ਵੱਲ ਇਸ਼ਾਰਾ ਕਰਦਿਆਂ ਚੀਮਾ ਨੇ ਕਿਹਾ ਕਿ ਤੁਸੀਂ ਹੀ ਅੰਸਾਰੀ ਨੂੰ ਪੰਜਾਬ ਲੈ ਕੇ ਆਏ ਸਨ। ਤੁਸੀਂ ਪੰਜਾਬ ਵਿਚ ਗੈਂਗਸਟਰਵਾਦ ਪੈਦਾ ਕੀਤਾ ਹੈ।
ਅਸੀਂ ਗੈਂਗਸਟਰਵਾਦ ਨੂੰ ਖਤਮ ਕਰਾਂਗੇ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਤਿੰਨ ਕਰੋੜ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਕਾਂਗਰਸ ਪਾਰਟੀ ਦਾ ਕਿਰਦਾਰ ਕੀ ਹੈ। ਤੁਸੀਂ ਕਿਹਾ ਸੀ ਕਿ ਤੁਸੀਂ ਮਜੀਠੀਆ ਨੂੰ ਰੱਸੀ ਪਾ ਕੇ ਲਿਆਓਗੇ ਪਰ ਜਦੋਂ ਅਸੀਂ ਉਸ ਨੂੰ ਲਿਆਏ ਤਾਂ ਤੁਸੀਂ ਇਸ ’ਤੇ ਸਵਾਲ ਖੜ੍ਹੇ ਕੀਤੇ ਹਨ। ਚੀਮਾ ਨੇ ਕਿਹਾ ਕਿ ਤੁਸੀਂ ਭਾਜਪਾ ਦੀ ਮਦਦ ਨਾਲ ਸਾਡੇ ’ਤੇ ਕੇਸ ਦਰਜ ਕਰਵਾਇਆ ਹੈ। ਸਾਨੂੰ ਪਤਾ ਲੱਗ ਗਿਆ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੇ ਭਾਜਪਾ ਨਾਲ ਕਿੰਨੇ ਡੂੰਘੇ ਸੰਬੰਧ ਹਨ।
ਇਸ ਤੋਂ ਬਾਅਦ ਕਾਂਗਰਸੀਆਂ ਵਲੋਂ ਸੈਸ਼ਨ ਵਿਚ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਗਿਆ ਤੇ ਉਨ੍ਹਾਂ ਵਲੋਂ ਵਿਧਾਨ ਸਭਾ ਦੀ ਚੱਲਦੀ ਕਾਰਵਾਈ ’ਚੋਂ ਵਾਕ-ਆਊਟ ਕਰ ਦਿੱਤਾ ਗਿਆ।