ਪ੍ਰਤਾਪ ਸਿੰਘ ਬਾਜਵਾ ਖਿਲਾਫ਼ ਹੋਵੇ ਨਿੰਦਾ ਮਤਾ ਪਾਸ- ਅਮਨ ਅਰੋੜਾ

ਚੰਡੀਗੜ੍ਹ, 11 ਜੁਲਾਈ (ਵਿਕਰਮਜੀਤ ਸਿੰਘ ਮਾਨ)- ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪ੍ਰਤਾਪ ਸਿੰਘ ਬਾਜਵਾ ਵਲੋਂ ਵਿਧਾਨ ਸਭਾ ਨੂੰ ਸਟੇਜ ਕਹਿਣ ’ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਉਹ ਤਿੰਨ ਕਰੋੜ ਲੋਕਾਂ ਦੀ ਬੁੱਧੀ ਨੂੰ ਚੁਣੌਤੀ ਦੇ ਰਹੇ ਹਨ। ਉਨ੍ਹਾਂ ਵਿਰੁੱਧ ਨਿੰਦਾ ਮਤਾ ਪਾਸ ਕੀਤਾ ਜਾਣਾ ਚਾਹੀਦਾ ਹੈ, ਜਿਸ ਤੋਂ ਬਾਅਦ ਬਾਜਵਾ ਅਤੇ ਅਮਨ ਅਰੋੜਾ ਵਿਚਾਲੇ ਬਹਿਸ ਸ਼ੁਰੂ ਹੋ ਗਈ।
ਅਰੋੜਾ ਨੇ ਪੁੱਛਿਆ ਕਿ ਕੀ ਤੁਹਾਡੇ ਵਿਧਾਇਕ ਕਲਾਕਾਰ ਹਨ? ਬਾਜਵਾ ਕਲਾ ਕਰਦੇ ਹਨ। ਪੰਜਾਬ ਵਿਚ ਕੁਝ ਵੱਖਰਾ ਹੈ ਅਤੇ ਦਿੱਲੀ ਵਿਚ ਕੁਝ ਹੋਰ। ਸਕੱਤਰੇਤ ਵਿਚ ਸੀ.ਆਈ.ਐਸ.ਐਫ਼. ਤਾਇਨਾਤ ਕਰਨ ਦਾ ਕਾਰਨ ਇਹ ਹੈ ਕਿ ਇਹ ਇਮਾਰਤ ਚੰਡੀਗੜ੍ਹ ਵਿਚ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਬਾਜਵਾ ਬਹੁਤ ਮੇਲ ਖਾਂਦੇ ਹਨ। ਇਸ ਦੇ ਨਾਲ ਹੀ, ਉਹ ਘਰ ਵਿਚ ਵੀ ਇਕੱਠੇ ਹੀ ਰਹਿੰਦੇ ਹਨ। ਚੰਡੀਗੜ੍ਹ ਵਿਚ ਸਾਡੇ ਵਿਰੁੱਧ, ਜੋ ਐਫ਼.ਆਈ.ਆਰ. ਦਰਜ ਕੀਤੀ ਗਈ ਹੈ ਉਹ ਭਾਜਪਾ ਨਾਲ ਉਨ੍ਹਾਂ ਦੀ ਸੌਦੇਬਾਜ਼ੀ ਹੈ। ਚਾਹੋ ਤਾਂ ਅਜਿਹੇ 36 ਪਰਚੇ ਦਰਜ ਕਰਵਾ ਲਓ, ਸਾਨੂੰ ਕੋਈ ਪਰਵਾਹ ਨਹੀਂ।