ਪੁਲਿਸ ਵਲੋਂ ਆਈਸ ਡਰੱਗ ਅਤੇ ਗਲੋਕ ਪਿਸਤੌਲ ਸਮੇਤ ਦੋ ਵਿਅਕਤੀ ਕਾਬੂ

ਅਜਨਾਲਾ (ਅੰਮ੍ਰਿਤਸਰ), 6 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ) - ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐਸ.ਐਸ.ਪੀ ਮਨਿੰਦਰ ਸਿੰਘ ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਐਸ.ਪੀ ਅਜਨਾਲਾ ਗੁਰਵਿੰਦਰ ਸਿੰਘ ਔਲਖ ਦੀ ਅਗਵਾਈ ਹੇਠ ਅਜਨਾਲਾ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ 1 ਕਿੱਲੋ 227 ਗ੍ਰਾਮ ਆਈਸ ਡਰੱਗ ਅਤੇ ਇਕ ਗਲੋਕ ਪਿਸਤੌਲ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ।
ਇਹ ਜਾਣਕਾਰੀ ਦਿੰਦਿਆਂ ਥਾਣਾ ਅਜਨਾਲਾ ਦੇ ਐਸ.ਐਚ.ਓ. ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਆਈਸ ਡਰੱਗ ਅਤੇ ਗਲੋਕ ਪਿਸਤੌਲ ਸਮੇਤ ਕਾਬੂ ਵਿਅਕਤੀਆਂ ਦੀ ਪਹਿਚਾਣ ਰਵਿੰਦਰ ਸਿੰਘ ਵਿੱਕੀ ਵਾਸੀ ਪਿੰਡ ਕੱਕੜ ਅਤੇ ਅਰਮਾਨਦੀਪ ਸਿੰਘ ਬਾਸੀ ਪਿੰਡ ਲੋਧੀਗੁੱਜਰ ਵਜੋਂ ਹੋਈ ਹੈ, ਜਿਨਾਂ ਖ਼ਿਲਾਫ਼ ਥਾਣਾ ਵਿਖੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਅੱਜ ਅਜਨਾਲਾ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ 'ਤੇ ਲੈ ਕੇ ਇਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਇਨ੍ਹਾਂ ਤੋਂ ਹੋਰ ਵੀ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।