ਭਾਰਤ-ਪਾਕਿ ਸਰਹੱਦ ਤੋਂ ਪਾਰ ਗਏ ਨੌਜਵਾਨ ਅੰਮ੍ਰਿਤਪਾਲ ਦੇ ਪਰਿਵਾਰ ਨੂੰ ਮਿਲੇ ਪ੍ਰਸ਼ਾਸਨਿਕ ਅਧਿਕਾਰੀ

ਗੁਰੂਹਰਸਹਾਏ, (ਫ਼ਿਰੋਜ਼ਪੁਰ), 5 ਜੁਲਾਈ (ਹਰਚਰਨ ਸਿੰਘ ਸੰਧੂ)- ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਗੁਰੂਹਰਸਹਾਏ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਭਾਰਤ-ਪਾਕਿਸਤਾਨ ਅੰਤਰ-ਰਾਸ਼ਟਰੀ ਬਾਰਡਰ ਤੋਂ ਪਾਰ ਗਏ ਪਿੰਡ ਖੈਰੇ ਕੇ ਉਤਾੜ ਦੇ ਨੌਜਵਾਨ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਗਈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਗੁਰੂਹਰਸਹਾਏ ਉਦੇਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਨੌਜਵਾਨ ਅੰਮ੍ਰਿਤਪਾਲ ਸਿੰਘ, ਜੋ ਕਿ 21 ਜੂਨ ਨੂੰ ਭਾਰਤ-ਪਾਕਿਸਤਾਨ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਪੈਂਦੀ ਆਪਣੀ ਜ਼ਮੀਨ ਵਿਚ ਹਰ ਰੋਜ਼ ਦੀ ਤਰ੍ਹਾਂ ਖੇਤੀ ਕਰਨ ਲਈ ਗਿਆ ਸੀ। ਪਰੰਤੂ, ਉਹ ਆਪਣੇ ਘਰ ਵਾਪਸ ਨਹੀਂ ਪਰਤਿਆ ਜਿਸ ’ਤੇ ਪਰਿਵਾਰਕ ਮੈਂਬਰਾਂ ਵਲੋਂ ਜ਼ਮੀਨ ਦੇ ਨਾਲ ਲੱਗਦੀ ਬੀ.ਐਸ.ਐਫ਼. ਦੀ ਚੌਂਕੀ ਰਾਣਾ ਵਿਖੇ ਪਹੁੰਚ ਕੀਤੀ ਗਈ। ਇਸ ਉਪਰੰਤ ਬੀ.ਐਸ.ਐਫ਼. ਵਲੋਂ ਪੜਤਾਲ ਕਰਨ ਉਪਰੰਤ ਸਪੱਸ਼ਟ ਕੀਤਾ ਗਿਆ ਕਿ ਉਨ੍ਹਾਂ ਦਾ ਲੜਕਾ ਅੰਮ੍ਰਿਤਪਾਲ ਸਿੰਘ ਵਾਪਸ ਨਹੀਂ ਆਇਆ। ਬੀ.ਐਸ.ਐਫ. ਵਲੋਂ ਪਾਕਿਸਤਾਨ ਰੇਂਜਰਜ਼ ਨਾਲ 3-4 ਵਾਰ ਮੀਟਿੰਗ ਕਰਨ ਉਪਰੰਤ ਪਾਕਿਸਤਾਨ ਰੇਂਜਰਜ਼ ਵਲੋਂ ਵੀ 27 ਜੂਨ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਅੰਮ੍ਰਿਤਪਾਲ ਸਿੰਘ ਨਜ਼ਦੀਕ ਲੱਗਦੀ ਪਾਕਿਸਤਾਨ ਦੀ ਪੁਲਿਸ ਦੀ ਹਿਰਾਸਤ ਵਿਚ ਹੈ।
ਐਸ.ਡੀ.ਐਮ. ਨੇ ਪਰਿਵਾਰਿਕ ਮੈਂਬਰਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਵਾਪਸ ਲੈ ਕੇ ਆਉਣ ਸੰਬੰਧੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਲਿਖਿਆ ਜਾਵੇਗਾ ਅਤੇ ਪੰਜਾਬ ਸਰਕਾਰ ਰਾਹੀਂ ਮਾਨਯੋਗ ਵਿਦੇਸ਼ ਮੰਤਰੀ / ਭਾਰਤ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ ਤਾਂ ਜੋ ਨੌਜਵਾਨ ਨੂੰ ਛੇਤੀ ਤੋਂ ਛੇਤੀ ਵਾਪਸ ਭਾਰਤ ਲਿਆਂਦਾ ਜਾ ਸਕੇ।
ਇਸ ਮੌਕੇ ਬੀਰਕਰਨ ਸਿੰਘ ਢਿੱਲੋਂ ਤਹਿਸੀਲਦਾਰ ਗੁਰੂਹਰਸਾਏ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜ਼ਰ ਸਨ।