ਸਹਾਇਕ ਥਾਣੇਦਾਰ ਵੀਰਪਾਲ ਕੌਰ ਨੇ ਅਮਰੀਕਾ ਦੇ ਬਰਮਿੰਘਮ ’ਚ ਜਿੱਤੇ ਦੋ ਸੋਨ ਤਗਮੇ

ਨਾਭਾ, (ਪਟਿਆਲਾ), 5 ਜੁਲਾਈ (ਜਗਨਾਰ ਸਿੰਘ ਦੁਲੱਦੀ)- ਰਿਆਸਤੀ ਸ਼ਹਿਰ ਨਾਭਾ ਦੇ ਨੇੜਲੇ ਪਿੰਡ ਰੋਹਟੀ ਮੌੜਾਂ ਦੀ ਵਸਨੀਕ ਵੀਰਪਾਲ ਕੌਰ ਪਤਨੀ ਹਵਲਦਾਰ ਕੰਬਰਦੀਪ ਸਿੰਘ, ਜੋ ਕਿ ਪੰਜਾਬ ਪੁਲਿਸ ਵਿਚ ਬਤੌਰ ਸਹਾਇਕ ਥਾਣੇਦਾਰ ਵਜੋਂ ਸੇਵਾਵਾਂ ਨਿਭਾਅ ਰਹੀ ਹੈ ਅਤੇ ਸਪੋਰਟਸ ਸੈਂਟਰ ਜਲੰਧਰ ਵਿਚ ਪ੍ਰੈਕਟਿਸ ਕਰਦੀ ਹੈ, ਨੇ ਵਿਸ਼ਵ ਪੁਲਿਸ ਖੇਡਾਂ ਵਿਚ ਸੋਨੇ ਦਾ ਤਗਮਾ ਜਿੱਤ ਕੇ ਭਾਰਤ ਦੀ ਝੋਲੀ ਪਾਇਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਹਾਇਕ ਥਾਣੇਦਾਰ ਵੀਰਪਾਲ ਕੌਰ ਦੇ ਸਹੁਰਾ ਰਵਿੰਦਰ ਸਿੰਘ ਰੋਹਟੀ ਮੌੜਾਂ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਵੀਰਪਾਲ ਕੌਰ ਨੇ ਪਹਿਲਾਂ ਇੰਡੀਆ ਪੁਲਿਸ ਵਿਚੋਂ 400 ਮੀਟਰ ਰੇਸ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਉਪਰੰਤ ਵਿਸ਼ਵ ਪੁਲਿਸ ਖੇਡਾਂ, ਜੋ ਕਿ ਅਮਰੀਕਾ ਦੇ ਅਲਬਾਹਮਾ ਸਟੇਟ ਦੇ ਸ਼ਹਿਰ ਬਰਮਿੰਘਮ ਵਿਚ 27 ਜੂਨ ਤੋਂ 6 ਜੁਲਾਈ 2025 ਤੱਕ ਹੋਣ ਵਾਲੀਆਂ ਹਨ, ਵਿਚ ਭਾਗ ਲਿਆ ਅਤੇ 400 ਮੀਟਰ ਰੇਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨੇ ਦਾ ਤਗਮਾ ਜਿੱਤ ਕਿ ਭਾਰਤ ਦੀ ਝੋਲੀ ਵਿਚ ਪਾਇਆ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਵੀਰਪਾਲ ਕੌਰ ਨੇ 400 ਮੀਟਰ ਅੱੜਿਕਾ ਦੌੜ ਵਿਚ ਵੀ ਸੋਨੇ ਦਾ ਤਗਮਾ ਜਿੱਤਿਆ ਹੈ। ਉਹਨਾਂ ਇਹ ਵੀ ਦੱਸਿਆ ਕਿ ਵੀਰਪਾਲ ਕੌਰ ਨੇ ਦੋ ਸਾਲ ਪਹਿਲਾਂ ਕੈਨੇਡਾ ਵਿਚ ਹੋਈਆਂ ਵਿਸ਼ਵ ਪੱਧਰੀ ਖੇਡਾਂ ਵਿਚ ਵੀ ਸੋਨੇ ਦਾ ਤਗਮਾ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਸੀ। ਸੋਨੇ ਦਾ ਤਗਮਾ ਜਿੱਤਣ ’ਤੇ ਖਿਡਾਰਨ ਵੀਰਪਾਲ ਕੌਰ ਦੇ ਘਰ ਵਿਚ ਖੁਸ਼ੀ ਦਾ ਆਲਮ ਵੇਖਣ ਨੂੰ ਮਿਲ ਰਿਹਾ ਹੈ, ਉਥੇ ਨਾਲ ਹੀ ਪਰਿਵਾਰ ਨੂੰ ਇਸ ਜਿੱਤ ਦੀ ਖੁਸ਼ੀ ਵਿਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।