ਯੂ.ਪੀ. : ਪਲਟੀ ਖਾ ਕੰਧ ਨਾਲ ਟਕਰਾਈ ਕਾਰ, 8 ਦੀ ਮੌਤ
ਲਖਨਊ, 5 ਜੁਲਾਈ- ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਵਿਚ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਬਰਾਤੀਆਂ ਦੀ ਬੋਲੈਰੋ ਕਾਲਜ ਦੀ ਕੰਧ ਨਾਲ ਟਕਰਾ ਗਈ। ਇਸ ਹਾਦਸੇ ਵਿਚ ਲਾੜੇ ਸਮੇਤ ਅੱਠ ਲੋਕਾਂ ਦੀ ਜਾਨ ਚਲੀ ਗਈ। ਬਰਾਤੀ ਬਦਾਉਂ ਜਾ ਰਹੇ ਸਨ। ਇਹ ਹਾਦਸਾ ਜੂਨਾਵਰੀ ਵਿਚ ਮੇਰਠ-ਬਦਾਉਂ ਰੋਡ ’ਤੇ ਵਾਪਰਿਆ। ਮ੍ਰਿਤਕਾਂ ਵਿਚ ਦੋ ਬੱਚੇ ਵੀ ਸ਼ਾਮਿਲ ਹਨ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸ਼ਾਮ ਲਗਭਗ 7:30 ਵਜੇ, ਬਰਾਤੀਆਂ ਦੀ ਬੋਲੈਰੋ ਸੰਤੁਲਨ ਗੁਆ ਬੈਠੀ ਅਤੇ ਮੇਰਠ-ਬਦਾਉਂ ਰੋਡ ’ਤੇ ਇੰਟਰ ਕਾਲਜ ਦੀ ਕੰਧ ਨਾਲ ਟਕਰਾ ਗਈ। ਇਸ ਹਾਦਸੇ ਵਿਚ ਲਾੜੇ ਸੂਰਜ ਪਾਲ (20) ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਲਾੜੇ ਦੀ ਭੈਣ, ਮਾਸੀ, ਚਚੇਰਾ ਭਰਾ ਅਤੇ ਰਿਸ਼ਤੇਦਾਰ ਵੀ ਸ਼ਾਮਿਲ ਹਨ।
ਮਿਲੀ ਜਾਣਕਾਰੀ ਅਨੁਸਾਰ ਸੰਭਲ ਦੇ ਜੂਨਾਵਰੀ ਥਾਣਾ ਖੇਤਰ ਦੇ ਹਰਗੋਵਿੰਦਪੁਰ ਪਿੰਡ ਦੇ ਰਹਿਣ ਵਾਲੇ ਸੁਖਰਾਮ ਨੇ ਆਪਣੇ ਪੁੱਤਰ ਸੂਰਜ ਦਾ ਵਿਆਹ ਬਦਾਉਂ ਜ਼ਿਲ੍ਹੇ ਦੇ ਬਿਲਸੀ ਥਾਣਾ ਖੇਤਰ ਦੇ ਸਿਰਸੌਲ ਪਿੰਡ ਵਿਚ ਕਰਵਾਇਆ ਸੀ। ਸ਼ੁੱਕਰਵਾਰ ਸ਼ਾਮ ਨੂੰ ਬਰਾਤੀ ਸਿਰਸੌਲ ਪਿੰਡ ਜਾ ਰਹੇ ਸਨ। ਬਰਾਤੀਆਂ ਦੀਆਂ 11 ਗੱਡੀਆਂ ਪਹਿਲਾਂ ਹੀ ਸਿਰਸੌਲ ਲਈ ਰਵਾਨਾ ਹੋ ਚੁੱਕੀਆਂ ਸਨ। ਇਕ ਬੋਲੈਰੋ ਪਿੱਛੇ ਰਹਿ ਗਈ, ਜਿਸ ਵਿਚ ਲਾੜੇ ਸਮੇਤ 10 ਲੋਕ ਸਵਾਰ ਸਨ। ਰਸਤੇ ਵਿਚ, ਬੋਲੈਰੋ ਜੂਨਾਵਾਈ ਦੇ ਜਨਤਾ ਇੰਟਰ ਕਾਲਜ ਦੀ ਕੰਧ ਨਾਲ ਟਕਰਾ ਗਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਬੋਲੈਰੋ ਦੇ ਟੁਕੜੇ-ਟੁਕੜੇ ਹੋ ਗਏ। ਕਾਰ ਵਿਚ ਸਵਾਰ ਸਾਰੇ ਲੋਕ ਗੰਭੀਰ ਜ਼ਖਮੀ ਹੋ ਗਏ। ਪਿੰਡ ਵਾਸੀਆਂ ਨੇ ਕਿਸੇ ਤਰ੍ਹਾਂ ਜ਼ਖਮੀਆਂ ਨੂੰ ਬੋਲੈਰੋ ਵਿਚੋਂ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਹਾਦਸੇ ਦੀ ਖ਼ਬਰ ਮਿਲਦੇ ਹੀ ਵਿਆਹ ਵਾਲੇ ਘਰ ਵਿਚ ਹਫੜਾ-ਦਫੜੀ ਮਚ ਗਈ। ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਵੀ ਹਾਦਸੇ ਵਾਲੀ ਥਾਂ ’ਤੇ ਪਹੁੰਚ ਗਏ। ਸੰਭਲ ਦੇ ਐਸ.ਪੀ. ਕ੍ਰਿਸ਼ਨ ਕੁਮਾਰ ਬਿਸ਼ਨੋਈ ਨੇ ਦੱਸਿਆ ਕਿ ਹਾਦਸਾ ਤੇਜ਼ ਰਫ਼ਤਾਰ ਕਾਰਨ ਹੋਇਆ। ਬੋਲੈਰੋ ਕਾਲਜ ਦੀ ਕੰਧ ਨਾਲ ਟਕਰਾ ਗਈ।