ਪਾਣੀ ਦੀ ਲਪੇਟ ਵਿਚ ਡੇਰਾ ਬਾਬਾ ਨਾਨਕ ਦੇ ਕਈ ਪਿੰਡ


ਡੇਰਾ ਬਾਬਾ ਨਾਨਕ, (ਗੁਰਦਾਸਪੁਰ), 28 ਅਗਸਤ (ਹੀਰਾ ਸਿੰਘ ਮਾਂਗਟ)- ਬੀਤੀ ਰਾਤ ਪਾਣੀ ਦਾ ਪੱਧਰ ਵਧਣ ਕਾਰਨ ਡੇਰਾ ਬਾਬਾ ਨਾਨਕ ਦੇ ਪਿੰਡ ਕਾਦੀਆਂ ਗੁਜਰਾਂ ਸਾਹਪੁਰ ਗੁਰਾਇਆ, ਸਕਰੀ, ਮਾਨ, ਮਸਰਾਲਾ, ਸਮਰਾ ਤੇ ਤਲਵੰਡੀ ਗੁਰਾਇਆ ਆਦਿ ਪਿੰਡ ਪਾਣੀ ਦੇ ਲਪੇਟ ਵਿਚ ਆ ਚੁੱਕੇ ਹਨ। ਇਸ ਮੌਕੇ ’ਤੇ ਪੁੱਜੀ ‘ਅਜੀਤ’ ਦੀ ਟੀਮ ਨਾਲ ਗੱਲਬਾਤ ਕਰਦਿਆਂ ਹੋਇਆਂ ਪਿੰਡ ਕਾਦੀਆਂ ਗੁਜਰਾਂ ਦੇ ਲੋਕਾਂ ਨੇ ਦੱਸਿਆ ਕਿ ਬੀਤੇ ਕੱਲ੍ਹ ਰਾਵੀ ਦਰਿਆ ਦਾ ਪਾਣੀ ਦਾ ਪੱਧਰ ਵਧਣ ਕਾਰਨ ਭਾਵੇਂ ਕਿ ਉਹਨਾਂ ਦੇ ਪਿੰਡਾਂ ਵਿਚ ਪਾਣੀ ਬਹੁਤ ਘੱਟ ਵੜਿਆ ਪਰ ਬੀਤੀ ਰਾਤ ਪਿੰਡ ਗਾਲੜੀ ਦੋਰਾਗਲਾ ਤੋਂ ਟੁੱਟੇ ਬੰਨ੍ਹ ਦਾ ਪਾਣੀ ਦਾ ਵਹਾਅ ਸੱਕੀ ਨਾਲੇ ਵਿਚ ਪੈਣ ਕਾਰਨ ਅੱਜ ਉਨ੍ਹਾਂ ਦੇ ਪਿੰਡ ਪੂਰੀ ਤਰ੍ਹਾਂ ਲਪੇਟ ਵਿਚ ਆ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪਾਣੀ ਲੋਕਾਂ ਦੇ ਘਰਾਂ ਵਿਚ ਦਾਖ਼ਲ ਹੋਣ ਕਾਰਨ ਲੋਕ ਘਰਾਂ ਦੀਆਂ ਛੱਤਾਂ ਉੱਪਰ ਬੈਠੇ ਹੋਏ ਹਨ ਪਰ ਅਜੇ ਤੱਕ ਕੋਈ ਵੀ ਪ੍ਰਸ਼ਾਸਨਕ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਵਾਸਤੇ ਨਹੀਂ ਪੁੱਜਾ। ਉਨ੍ਹਾਂ ਸਰਕਾਰ ਕੋਲ ਅਪੀਲ ਕੀਤੀ ਕਿ ਉਨ੍ਹਾਂ ਕੋਲ ਰਾਹਤ ਟੀਮਾਂ ਪਹੁੰਚਾਈਆਂ ਜਾਣ ਤੇ ਜੋ ਲੋਕ ਆਪਣੇ ਘਰਾਂ ਦੀਆਂ ਛੱਤਾਂ ’ਤੇ ਬੈਠੇ ਹਨ, ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾਵੇ।