ਹੜ੍ਹਾਂ ਵਿਚ ਫਸੇ ਲੋਕਾਂ ਦੀ ਸਾਰ ਲੈਣ ਲਈ ਐਮ.ਪੀ. ਰੰਧਾਵਾ ਵੱਖ-ਵੱਖ ਪਿੰਡਾਂ ਵਿਚ ਪੁੱਜੇ

ਡੇਰਾ ਬਾਬਾ ਨਾਨਕ, (ਗੁਰਦਾਸਪੁਰ), 28 ਅਗਸਤ (ਹੀਰਾ ਸਿੰਘ ਮਾਂਗਟ)- ਬੀਤੇ ਦਿਨ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਨਜ਼ਦੀਕ ਰਾਵੀ ਦਰਿਆ ’ਤੇ ਬਣੇ ਧੁੱਸੀ ਬੰਨ੍ਹ ਵਿਚ ਵੱਖ ਵੱਖ ਥਾਵਾਂ ’ਤੇ ਪਏ ਪਾੜ ਕਾਰਨ ਡੇਰਾ ਬਾਬਾ ਨਾਨਕ ਦੇ ਦਰਜਨ ਤੋਂ ਵੱਧ ਪਿੰਡ ਪਾਣੀ ਦੀ ਲਪੇਟ ਵਿਚ ਆ ਗਏ ਸਨ। ਪਾਣੀ ਦਾ ਪੱਧਰ ਵੱਧ ਹੋਣ ਕਾਰਨ ਕਈ ਲੋਕ ਅਜੇ ਵੀ ਪਾਣੀ ਵਿਚ ਫਸੇ ਹੋਏ ਹਨ। ਪਾਣੀ ਵਿਚ ਫਸੇ ਲੋਕਾਂ ਦੀ ਸਾਰ ਲੈਣ ਵਾਸਤੇ ਅੱਜ ਸਾਬਕਾ ਉਪ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਅੱਜ ਡੇਰਾ ਬਾਬਾ ਨਾਨਕ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਪਿੰਡ ਚੰਦੂ ਨੰਗਲ ਵਿਖੇ ਗੱਲਬਾਤ ਕਰਦਿਆਂ ਹੋਇਆ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕੁਦਰਤ ਦੀ ਕਰੋਪੀ ਕਾਰਨ ਅੱਜ ਇਹ ਲੋਕ ਹੜ ਦੇ ਪਾਣੀ ਵਿਚ ਫਸੇ ਹੋਏ। ਉਨ੍ਹਾਂ ਕਿਹਾ ਕਿ ਇਸ ਹੜ ਆਉਣ ਦੇ ਨਾਲ ਇਨ੍ਹਾਂ ਲੋਕਾਂ ਦਾ ਕਰੋੜਾਂ ਰੁਪਇਆ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਪੂਰੀ ਬੈਲਟ ਹੀ ਝੋਨੇ ਦੇ ਨਾਲ ਨਾਲ ਸਬਜ਼ੀ ਦੀ ਬੈਲਟ ਸੀ ਤੇ ਇਨ੍ਹਾਂ ਲੋਕਾਂ ਦੀ ਗੋਭੀ ਦੀ ਫਸਲ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਸੀ ਪਰ ਬੀਤੇ ਦਿਨ ਹੜ੍ਹ ਆਉਣ ਕਾਰਨ ਇਨ੍ਹਾਂ ਲੋਕਾਂ ਦੀਆਂ ਆਸਾਂ ’ਤੇ ਪਾਣੀ ਫਿਰ ਗਿਆ ਹੈ।