108 ਐਂਬੂਲੈਂਸ ਵਿਚ ਹੋਈ ਔਰਤ ਦੀ ਡਲਿਵਰੀ

ਕਪੂਰਥਲਾ, 28 ਅਗਸਤ (ਅਮਨਜੋਤ ਸਿੰਘ ਵਾਲੀਆ)-ਲੱਖਣ ਕੇ ਪੱਡਾ ਤੋਂ ਗਰਭਵਤੀ ਔਰਤ ਨੂੰ 108 ਐਂਬੂਲੈਂਸ ਵਿਚ ਲੈ ਕੇ ਆ ਰਹੇ ਸਨ ਤਾਂ ਅਚਾਨਕ ਰਸਤੇ ਵਿਚ ਔਰਤ ਨੂੰ ਦਰਦਾਂ ਹੋਣ ਲੱਗ ਪਈਆਂ ਤੇ ਉਸ ਦੀ ਡਲਿਵਰੀ ਚੱਲਦੀ ਐਂਬੂਲੈਂਸ ਵਿਚ ਹੀ ਕਰਨੀ ਪਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਈ.ਐਮ.ਟੀ. ਵਿਕਰਾਂਤ ਅਤੇ ਪਾਇਲਟ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਨੇਹਾ (23) ਪਤਨੀ ਭੂਸ਼ਨ ਸਿੰਘ ਵਾਸੀ ਲੱਖਣ ਕੇ ਪੱਡੇ ਜੋ ਕਿ ਗਰਭਵਤੀ ਸੀ, ਜਿਸ ਦੀ ਹਾਲਤ ਖ਼ਰਾਬ ਸੀ ਅਤੇ ਉਸ ਨੂੰ ਸਿਵਲ ਹਸਪਤਾਲ ਕਪੂਰਥਲਾ ਲੈ ਕੇ ਆ ਰਹੇ ਸਨ, ਜਦੋਂ ਉਹ ਕਾਂਜਲੀ ਨੇੜੇ ਪਹੁੰਚੇ ਤਾਂ ਔਰਤ ਦੀ ਸਿਹਤ ਜ਼ਿਆਦਾ ਖ਼ਰਾਬ ਹੋ ਗਈ, ਜਿਥੇ ਉਸ ਦੀ ਡਲਿਵਰੀ ਚੱਲਦੀ ਐਂਬੂਲੈਂਸ ਵਿਚ ਹੀ ਕਰਵਾਉਣੀ ਪਈ, ਜਿਥੇ ਲੜਕੇ ਨੇ ਜਨਮ ਲਿਆ। ਇਸ ਸਬੰਧੀ ਨੇਹਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਐਂਬੂਲੈਂਸ ਦੇ ਡਰਾਈਵਰ ਅਤੇ ਪਾਇਲਟ ਨੇ ਬੜੀ ਸੂਝ-ਬੂਝ ਨਾਲ ਡਲਿਵਰੀ ਕਰਵਾਈ, ਜਿਸ ਨਾਲ ਬੱਚੇ ਅਤੇ ਮਾਂ ਦੀ ਜਾਨ ਬੱਚ ਸਕੀ। ਇਸ ਸਬੰਧੀ ਡਾ. ਸਿੰਮੀ ਧਵਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜੱਚਾ ਅਤੇ ਬੱਚਾ ਦੋਵੇਂ ਠੀਕ ਹਨ ਅਤੇ ਦੋਵਾਂ ਦਾ ਇਲਾਜ ਚੱਲ ਰਿਹਾ ਹੈ।