ਗੁਰਜੀਤ ਸਿੰਘ ਔਜਲਾ ਅਤੇ ਹਰਪ੍ਰਤਾਪ ਸਿੰਘ ਅਜਨਾਲਾ ਨੇ ਹੜ੍ਹ ਪ੍ਰਭਾਵਿਤ ਖੇਤਰ ਦਾ ਲਿਆ ਜਾਇਜ਼ਾ

ਅਜਨਾਲਾ, ਗੱਗੋਮਾਹਲ, ਰਮਦਾਸ (ਅੰਮ੍ਰਿਤਸਰ), 28 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਅਤੇ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵਲੋਂ ਅੱਜ ਰਾਵੀ ਦਰਿਆ ਵਿਚ ਆਏ ਭਿਆਨਕ ਹੜ੍ਹਾਂ ਦਾ ਜਾਇਜ਼ਾ ਲਿਆ ਗਿਆ ਅਤੇ ਹਲਕੇ ਦੇ ਲੋਕਾਂ ਅਤੇ ਬੀ.ਐਸ.ਐਫ਼. ਜਵਾਨਾਂ ਨਾਲ ਮਿਲ ਕੇ ਉਨ੍ਹਾਂ ਦਾ ਹਾਲ ਚਾਲ ਜਾਣਿਆ ਗਿਆ।
ਗੁਰਜੀਤ ਸਿੰਘ ਔਜਲਾ ਨੇ ‘ਅਜੀਤ’ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅਜਨਾਲਾ ਹਲਕੇ ਦੇ ਵੱਖ-ਵੱਖ ਸਰਹੱਦੀ ਪਿੰਡਾਂ ਵਿਚ ਸੈਂਕੜੇ ਬੀ.ਐਸ.ਐਫ ਜਵਾਨ ਹੜ੍ਹ ਦੇ ਪਾਣੀ ਵਿਚ ਫਸੇ ਹੋਏ ਹਨ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੱਖ-ਵੱਖ ਪਿੰਡਾਂ ਵਿਚ ਫਸੇ ਬੀ.ਐਸ.ਐਫ ਜਵਾਨਾਂ ਦੇ ਵੇਰਵੇ ਸਾਂਝੇ ਕਰਦੇ ਹੋਏ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਰੱਖਿਆ ਮੰਤਰੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਇਸ ਸਮੇਂ ਵਿੱਤੀ ਨੁਕਸਾਨ ਤੋਂ ਵੱਧ ਜਾਨੀ ਨੁਕਸਾਨ ਹੋਣ ਦੀ ਸੰਭਾਵਨਾ ਹੈ, ਇਸ ਲਈ ਇਨ੍ਹਾਂ ਜਵਾਨਾਂ ਨੂੰ ਜਲਦੀ ਤੋਂ ਜਲਦੀ ਬਚਾਇਆ ਜਾਵੇ।