ਦਲਜੀਤ ਦੋਸਾਂਝ ਨੇ ਆਪਣੇ ਆਸਟ੍ਰੇਲੀਆ-ਨਿਊਜ਼ੀਲੈਂਡ ਸ਼ੋਅ ਦੀਆਂ ਤਾਰੀਖ਼ਾਂ ਦਾ ਕੀਤਾ ਐਲਾਨ

ਆਕਲੈਂਡ. 28 ਅਗਸਤ (ਹਰਮਨਪ੍ਰੀਤ ਸਿੰਘ ਗੋਲੀਆ)- ਗਲੋਬਲ ਸੁਪਰ ਸਟਾਰ ਦਿਲਜੀਤ ਦੁਸਾਂਝ ਨੇ ਆਪਣੇ ਔਰਾ 2025 ਸ਼ੋਅ ਦੀ ਸ਼ੁਰੂਆਤ ਏਸ਼ੀਆ ਪੈਸਫਿਕ ਤੋਂ ਕਰਦਿਆਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ’ਚ ਹੋਣ ਵਾਲੇ ਆਪਣੇ ਸ਼ੋਆਂ ਦੀਆਂ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਹੈ। 26 ਅਕਤੂਬਰ 2025 ਤੋਂ ਲੈ ਕੇ 13 ਨਵੰਬਰ 2025 ਤੱਕ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਅਤੇ ਅਖੀਰ ਵਿਚ 13 ਨਵੰਬਰ ਨੂੰ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਖੇ ਦਿਲਜੀਤ ਦੋਸਾਂਝ ਦਾ ਸ਼ੋਅ ਹੋਵੇਗਾ। ਆਪਣੇ ਇਨ੍ਹਾਂ ਦੌਰੇ ਬਾਰੇ ਬੋਲਦਿਆਂ, ਦਿਲਜੀਤ ਨੇ ਕਿਹਾ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਪ੍ਰਸ਼ੰਸਕਾਂ ਨੇ ਮੇਰੇ ਪਿਛਲੇ ਦੌਰੇ ਵਿਚ ਜੋ ਊਰਜਾ ਲਿਆਂਦੀ ਸੀ, ਉਹ ਅਭੁੱਲ ਸੀ। ਮੇਰੇ ਪ੍ਰਸ਼ੰਸਕਾਂ ਦਾ ਅਥਾਹ ਪਿਆਰ ਹੀ ਕਾਰਨ ਹੈ ਕਿ ਮੈਂ ਸਿਡਨੀ ਅਤੇ ਮੈਲਬੌਰਨ ਵਿਚ ਸਟੇਡੀਅਮ ਸ਼ੋਅ ਲੈ ਕੇ ਵਾਪਸ ਆ ਰਿਹਾ ਹਾਂ, ਅਤੇ ਅਸੀਂ ਇਸ ਵਾਰ ਐਡੀਲੇਡ ਅਤੇ ਪਰਥ ਨੂੰ ਸ਼ਾਮਿਲ ਕੀਤਾ ਹੈ ਤਾਂ ਜੋ ਮੈਂ ਹੋਰ ਵੀ ਲੋਕਾਂ ਨਾਲ ਜਸ਼ਨ ਮਨਾ ਸਕਾਂ। ਉਨ੍ਹਾਂ ਕਿਹਾ ਕਿ ਇਹ ਦੌਰਾ ਪ੍ਰਸ਼ੰਸਕਾਂ ਲਈ ਹੈ ਪਰ ਇਹ ਵਿਸ਼ਵ ਪੱਧਰ ’ਤੇ ਭਾਰਤੀ ਸੰਗੀਤ ਦਾ ਜਸ਼ਨ ਮਨਾਉਣ ਅਤੇ ਦੁਨੀਆ ਨਾਲ ਸਾਡੀ ਸੰਸਕ੍ਰਿਤੀ ਨੂੰ ਸਾਂਝਾ ਕਰਨ ਬਾਰੇ ਵੀ ਹੈ।
ਇਥੇ ਜ਼ਿਕਰ ਯੋਗ ਹੈ ਕਿ ਆਸਟ੍ਰੇਲੀਆ ਨਿਊਜ਼ੀਲੈਂਡ ਦੌਰੇ ਦੀ ਸ਼ੁਰੂਆਤ 26 ਅਕਤੂਬਰ ਨੂੰ ਪਹਿਲਾ ਸ਼ੋਅ ਸਿਡਨੀ ਵਿਖੇ 29 ਅਕਤੂਬਰ ਨੂੰ ਬ੍ਰਿਸਬੈਨ, 1 ਨਵੰਬਰ ਨੂੰ ਮੈਲਬੋਰਨ, 5 ਨਵੰਬਰ ਨੂੰ ਐਡੀਲੇਡ, 9 ਨੂੰ ਪਰਥ ਵਿਖੇ ਹੋਣ ਤੋਂ ਉਪਰੰਤ 13 ਨਵੰਬਰ ਨੂੰ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਵਿਚ ਸਪਾਰਕ ਅਰੀਨਾ ਵਿਖੇ ਸ਼ੋਅ ਹੋਵੇਗਾ, ਜਿਸ ਦੀਆਂ ਟਿਕਟਾਂ ਦੀ ਬੁਕਿੰਗ 3 ਸਤੰਬਰ ਬਾਅਦ ਦੁਪਹਿਰ 12 ਵਜੇ ਤੋਂ ਸ਼ੁਰੂ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਗਲੋਬਲ ਸਟਾਰ ਦਿਲਜੀਤ ਦੋਸਾਂਝ ਦੇ ਪਿਛਲੇ ਸਾਲ ਹੋਏ ਸ਼ੋਅ ਦੌਰਾਨ ਵੱਡੀ ਗਿਣਤੀ ਵਿਚ ਦਰਸ਼ਕ ਪਹੁੰਚੇ ਸਨ ਅਤੇ ਉਨ੍ਹਾਂ ਦੇ ਇਸ ਸਾਲ ਦੇ ਸ਼ੋਅ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ।