ਹਿਊਮਨਰਾਈਟਸ ਕਮਿਸ਼ਨਰ ਨਿਊਜ਼ੀਲੈਂਡ ਟਾਕਾਨੀਨੀ ਗੁਰੂ ਘਰ ਵਿਖੇ ਹੋਏ ਨਤਮਸਤਕ

ਆਕਲੈਂਡ, 28 ਅਗਸਤ (ਹਰਮਨਪ੍ਰੀਤ ਸਿੰਘ ਗੋਲੀਆ)- ਅੱਜ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਨਿਊਜ਼ੀਲੈਂਡ ਦੇ ਹਿਊਮਨ ਰਾਈਟ ਕਮਿਸ਼ਨਰ ਡਾ. ਮਲੀਸਾ ਡਰਬੀ ਅਤੇ ਉਨ੍ਹਾਂ ਦੀ ਟੀਮ ਵਿਸ਼ੇਸ਼ ਤੌਰ ’ਤੇ ਪਹੁੰਚੇ, ਜਿਥੇ ਉਨ੍ਹਾਂ ਭਾਈਚਾਰੇ ਦੇ ਅਹਿਮ ਮੁੱਦਿਆਂ ’ਤੇ ਸ. ਦਲਜੀਤ ਸਿੰਘ ਪ੍ਰਧਾਨ ਸੈਂਟਰ ਸਿੱਖ ਐਸੋਸ਼ੀਏਸ਼ਨ ਅਤੇ ਬੁਲਾਰਾ ਸੁਪਰੀਮ ਸਿੱਖ ਸੁਸਾਇਟੀ ਸਮੇਤ ਮੌਕੇ ’ਤੇ ਮੌਜੂਦ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਸ. ਦਲਜੀਤ ਸਿੰਘ ਨੇ ਹਿਊਮਨ ਰਾਈਟਸ ਕਮਿਸ਼ਨਰ ਡਾ. ਡਰਬੀ ਨਾਲ ਗੱਲਬਾਤ ਕਰਦਿਆਂ ਜਿਥੇ ਬੀਤੇ ਸਮੇਂ ਵਿਚ ਭਾਈਚਾਰੇ ਨੂੰ ਕੰਮ ’ਤੇ ਦਸਤਾਰ ਦੀ ਥਾਂ ਲੋਹ ਟੋਪ ਪਾਉਣ ਲਈ ਮਜਬੂਰ ਕਰਨਾ, ਹਸਪਤਾਲ, ਵੋਟਿੰਗ ਅਤੇ ਸਰਕਾਰੀ ਫਰਮਾਂ ਵਿਚ ਪੰਜਾਬੀ ਸ਼ਾਮਿਲ ਕਰਨਾ ਅਤੇ ਕਕਾਰਾਂ ਦੇ ਮੁੱਦੇ ’ਤੇ ਖੁੱਲ ਕੇ ਬੋਲਦਿਆਂ ਆਪਣਾ ਪੱਖ ਰੱਖਿਆ, ਉਥੇ ਹੀ ਉਨ੍ਹਾਂ ਕੁਝ ਸਮਾਂ ਪਹਿਲਾਂ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਵਿਚ ਇਕ ਅਖੌਤੀ ਸਿਆਸੀ ਆਗੂ ਵਲੋਂ ਵੱਖ ਵੱਖ ਧਰਮਾਂ ਦੇ ਧਾਰਮਿਕ ਝੰਡਿਆਂ ਦੀ ਕੀਤੀ ਗਈ ਬੇਅਦਬੀ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਿਊਜ਼ੀਲੈਂਡ ਦੇ ਵਿਚ ਭਾਈਚਾਰਕ ਏਕਤਾ ਨੂੰ ਜਿਥੇ ਠੇਸ ਪਹੁੰਚਾ ਰਹੀਆਂ ਹਨ, ਉਥੇ ਹੀ ਇਹ ਹਿਊਮਨ ਰਾਈਟਸ ਦਾ ਵੀ ਘਾਣ ਹੈ। ਸਥਾਨਕ ਭਾਈਚਾਰੇ ਦੀਆਂ ਅਹਿਮ ਗੱਲਾਂ ਬਾਤਾਂ ਸੁਣਨ ਤੋਂ ਬਾਅਦ ਕਮਿਸ਼ਨਰ ਡਾਕਟਰ ਡਰਬੀ ਅਤੇ ਉਨ੍ਹਾਂ ਦੇ ਸਟਾਫ਼ ਨੇ ਵਿਸ਼ਵਾਸ ਦਵਾਇਆ ਕਿ ਉਹ ਇਨ੍ਹਾਂ ਸਾਰੇ ਮਸਲਿਆਂ ਸੰਬੰਧੀ ਜਲਦ ਅਹਿਮ ਫ਼ੈਸਲੇ ਲੈਣਗੇ।