ਸਾਜਿਸ਼ ਤਹਿਤ ‘ਆਪ’ ਆਗੂਆਂ ’ਤੇ ਕੀਤੀ ਜਾ ਰਹੀ ਹੈ ਕਾਰਵਾਈ- ਅਮਨ ਅਰੋੜਾ
ਚੰਡੀਗੜ੍ਹ, 26 ਅਗਸਤ (ਅਜਾਇਬ ਸਿੰਘ ਔਜਲਾ)- ਕੇਂਦਰ ਸਰਕਾਰ ਅਤੇ ਭਾਜਪਾ, ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂਆਂ ’ਤੇ ਇਕ ਸਾਜਿਸ਼ ਤਹਿਤ ਕਾਰਵਾਈ ਕਰਨ ’ਤੇ ਤੁਲੀ ਹੋਈ ਹੈ ਅਤੇ ਆਗੂਆਂ ਦੇ ਘਰਾਂ ’ਤੇ ਕੇਂਦਰ ਸਰਕਾਰ ਅਤੇ ਭਾਜਪਾ ਵਲੋਂ ਰਲ ਕੇ ਈ.ਡੀ. ਦੀ ਛਾਪੇਮਾਰੀ ਕਰਵਾਈ ਜਾ ਰਹੀ ਹੈ। ਇਹ ਗੱਲ ਅੱਜ ਚੰਡੀਗੜ੍ਹ ਵਿਖੇ ਇਕ ਪੱਤਰਕਾਰ ਸੰਮੇਲਨ ਦੌਰਾਨ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਅਤੇ ਸਾਬਕਾ ਮੰਤਰੀ ਸੌਰਵ ਭਾਰਦਵਾਜ ਦੇ ਕਈ ਟਿਕਾਣਿਆਂ ’ਤੇ ਈ.ਡੀ ਵਲੋਂ ਛਾਪੇਮਾਰੀ ਕੀਤੀ ਗਈ ਹੈ ਜੋ ਕਿ ਅਤਿ ਨਿੰਦਣ ਯੋਗ ਹੈ ਕਿਉਂਕਿ ਜਿਸ ਸਮੇਂ ਦਾ ਬੀ.ਜੇ.ਪੀ. ਅਤੇ ਕੇਂਦਰ ਸਰਕਾਰ ਵਲੋਂ ਹਵਾਲਾ ਦਿੱਤਾ ਜਾ ਰਿਹਾ ਹੈ, ਉਸ ਸਮੇਂ ਤਾਂ ਸੌਰਵ ਭਾਰਦਵਾਜ ਦਿੱਲੀ ਦੇ ਮੰਤਰੀ ਹੀ ਨਹੀਂ ਸਨ। ਅਮਨ ਅਰੋੜਾ ਨੇ ਕਿਹਾ ਕਿ ਜਦੋਂ ਵੀ ਕੇਂਦਰ ਸਰਕਾਰ ਜਾਂ ਪ੍ਰਧਾਨ ਮੰਤਰੀ ’ਤੇ ਕਿਸੇ ਤਰ੍ਹਾਂ ਦੇ ਸਵਾਲ ਉਠਾਏ ਜਾਂਦੇ ਹਨ ਤਾਂ ਲੋਕਾਂ ਦਾ ਧਿਆਨ ਭਟਕਾਉਣ ਲਈ ਕੇਂਦਰ ਸਰਕਾਰ ਵਲੋਂ ਆਪਣੀਆਂ ਏਜੰਸੀਆਂ ਦੁਆਰਾ ਅਜਿਹੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸੌਰਵ ਭਾਰਦਵਾਜ ਦੇ ਮਾਮਲੇ ਵਿਚ ਉਨ੍ਹਾਂ ਦੀ ਪਾਰਟੀ ਸੜਕਾਂ ਦੇ ਨਾਲ ਨਾਲ ਅਦਾਲਤ ਤੱਕ ਵੀ ਇਸ ਮਾਮਲੇ ਨੂੰ ਲੈ ਕੇ ਜਾਵੇਗੀ।