ਕਾਰ ਤੇ ਐਕਟਿਵਾ ਦੀ ਟੱਕਰ: ਨਹਿਰ ’ਚ ਰੁੜਿ੍ਆ ਨੌਜਵਾਨ

ਕੋਟਫ਼ਤੂਹੀ, 26 ਅਗਸਤ (ਅਵਤਾਰ ਸਿੰਘ ਅਟਵਾਲ)- ਬੀਤੇ ਦਿਨ ਲਗਭਗ ਸਾਢੇ ਬਾਰ੍ਹਾਂ ਕੁ ਵਜੇ ਦੇ ਕਰੀਬ ਬਿਸਤ ਦੁਆਬ ਨਹਿਰ ਵਾਲੀ ਸੜਕ ’ਤੇ ਅੱਡਾ ਕੋਟਫ਼ਤੂਹੀ ’ਚ ਇਕ ਆਈ ਟਵੰਟੀ ਕਾਰ ਤੇ ਐਕਟਿਵਾ ਦੀ ਟੱਕਰ ਵਿਚ ਐਕਟਿਵਾ ਸਵਾਰ ਨਹਿਰ ਦੇ ਕਿਨਾਰਾ ਨਾ ਹੋਣ ਕਰ ਕੇ ਪਾਣੀ ਦੀ ਭਰੀ ਹੋਈ ਨਹਿਰ ਵਿਚ ਡਿੱਗ ਪਏ, ਜਿਸ ਵਿਚ ਐਕਟਿਵਾ ਚਾਲਕ ਪਾਣੀ ਦੇ ਤੇਜ਼ ਵਹਾਓ ਵਿਚ ਵਹਿ ਗਿਆ। ਉਸ ਦੀ ਰੁੜ੍ਹਨ ਨਾਲ ਮੌਤ ਹੋ ਗਈ, ਜਦਕਿ ਉਸ ਦੇ ਦੂਸਰੇ ਜ਼ਖਮੀ ਸਾਥੀ ਰਜਿੰਦਰ ਸਿੰਘ ਨੂੰ ਲੋਕਾਂ ਵਲੋ ਨਹਿਰ ਵਿਚੋਂ ਕੱਢ ਕੇ ਸਥਾਨਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਲੰਗੇਰੀ ਤੋਂ ਐਕਟਿਵਾ ਨੰਬਰ ਪੀ. ਬੀ. 24 ਈ 1795, ਜਿਸ ਨੂੰ ਸਤਨਾਮ ਸਿੰਘ ਨਿਵਾਸੀ ਲੰਗੇਰੀ ਚਲਾ ਰਿਹਾ ਸੀ, ਉਸ ਦੇ ਨਾਲ ਉਸ ਦਾ ਸਾਥੀ ਰਜਿੰਦਰ ਸਿੰਘ ਨਿਵਾਸੀ ਬਘੋਰਾ, ਜੋ ਡੀ. ਜੇ. ਦਾ ਕੰਮ ਕਰ ਦੇ ਹਨ, ਉਹ ਕੋਟਫ਼ਤੂਹੀ ਬਿਸਤ ਦੁਆਬ ਨਹਿਰ ਵਾਲੀ ਸੜਕ ਰਾਹੀਂ ਜਲੰਧਰ ਨੂੰ ਜਾ ਰਹੇ ਸਨ, ਜਦੋਂ ਉਹ ਬਿਸਤ ਦੁਆਬ ਨਹਿਰ ਵਾਲੇ ਪੁਲ ਤੋਂ 500 ਗਜ ਅੱਗੇ ਆਏ ਤਾਂ ਅੱਗਿਓਂ ਆ ਰਹੀ ਆਈ ਟਵੰਟੀ ਕਾਰ ਪੀ. ਬੀ. 08 ਸੀ. ਕੇ 6992, ਜਿਸ ਨੂੰ ਆਕਾਸ਼ ਨਿਵਾਸੀ ਪਚਨੰਗਲ ਚਲਾ ਰਿਹਾ ਸੀ, ਦੀ ਟੱਕਰ ਹੋ ਗਈ। ਮੌਕੇ ’ਤੇ ਵੇਖਣ ਵਾਲਿਆਂ ਅਨੁਸਾਰ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਐਟਟਿਵਾ ਸਵਾਰ ਨਹਿਰ ਦਾ ਕਿਨਾਰਾ ਨਾ ਮਾਤਰ ਹੋਣ ਕਰ ਕੇ ਉਸ ਵਿਚ ਡਿੱਗ ਪਏ। ਡਾਕਟਰਾਂ ਅਨੁਸਾਰ ਉਸ ਦਾ ਸੱਜਾ ਪੱਟ ਟੁੱਟ ਗਿਆ ਹੈ, ਜਦਕਿ ਦੂਸਰੇ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ।