JALANDHAR WEATHER

ਲਗਾਤਾਰ ਮੀਂਹ ਨਾਲ ਮੁਸੀਬਤ 'ਚ ਫਸੇ ਲੋਕ

ਮਹਿਲ ਕਲਾਂ, 26 ਅਗਸਤ (ਅਵਤਾਰ ਸਿੰਘ ਅਣਖੀ)-ਕੁਝ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਕਾਰਨ ਹਲਕੇ ਦੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਸਾਲਾਂ ਬਾਅਦ ਹੋਈ ਇਸ ਰਿਕਾਰਡ ਤੋੜ ਵਰਖਾ ਨੇ ਜਿਥੇ ਮਾੜੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ, ਉਥੇ ਪਿਛਲੇ ਸਮੇਂ ਦੌਰਾਨ ਗ੍ਰਾਮ ਪੰਚਾਇਤਾਂ ਵਲੋਂ ਛੱਪੜਾਂ ਨੂੰ ਖ਼ਤਮ ਕਰਨ ਨਾਲ ਪਿੰਡਾਂ ਅੰਦਰ ਭਰੇ ਪਾਣੀ ਨਾਲ ਸਥਿਤੀ ਹੜ੍ਹਾਂ ਵਰਗੀ ਬਣ ਗਈ ਹੈ। ਇਸ ਮੀਂਹ ਨਾਲ ਸਭ ਤੋਂ ਪ੍ਰਭਾਵਿਤ ਉਹ ਲੋਕ ਹਨ, ਜੋ ਕਮਜ਼ੋਰ ਆਰਥਿਕ ਹਾਲਾਤ ਕਾਰਨ ਪੁਰਾਣੇ, ਨੀਂਵੇ ਹੋ ਚੁੱਕੇ ਘਰਾਂ 'ਚ ਦਿਨ ਕੱਟ ਰਹੇ ਹਨ। ਮੀਂਹ ਨਾਲ ਜਿਥੇ ਛੱਡਾਂ ਚੋਣ ਲੱਗੀਆਂ, ਉਥੇ ਕਮਰਿਆਂ 'ਚ ਪਿਆ ਸਾਮਾਨ ਵੀ ਖਰਾਬ ਹੋਇਆ ਹੈ।

ਹਾਲਾਂਕਿ ਸਥਾਨਕ ਕਸਬੇ ਅੰਦਰ ਗ੍ਰਾਮ ਪੰਚਾਇਤ ਨੇ ਪਹਿਲਕਦਮੀ ਕਰਦਿਆਂ ਬਾਰਿਸ਼ ਤੋਂ ਪੀੜਤ ਲੋਕਾਂ ਲਈ ਰਿਹਾਇਸ਼, ਲੰਗਰ ਅਤੇ ਦਵਾਈਆਂ ਆਦਿ ਦਾ ਪ੍ਰਬੰਧ ਕਰ ਦਿੱਤਾ ਹੈ ਪਰ ਫ਼ਿਰ ਵੀ ਲੋਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਪਿਛਲੀ ਗ੍ਰਾਮ ਪੰਚਾਇਤ ਵਲੋਂ ਗੁਰਦੁਆਰਾ ਪਾਤਸ਼ਾਹੀ ਛੇਵੀਂ ਨਾਲ ਲੱਗਦਾ ਛੱਪੜ ਪੂਰ ਕੇ ਪਾਰਕ ਬਣਾ ਦਿੱਤਾ ਹੈ, ਜਿਸ ਦਾ ਫ਼ਾਇਦਾ ਘੱਟ ਲੋਕ ਨੁਕਸਾਨ ਜ਼ਿਆਦਾ ਮਹਿਸੂਸ ਕਰ ਰਹੇ ਹਨ ਕਿਉਂਕਿ ਬਾਕੀ ਬਚਿਆ ਛੱਪੜ ਬਾਰਿਸ਼ ਦਾ ਪਾਣੀ ਝੱਲਣ ਤੋਂ ਅਸਮਰੱਥ ਹੈ। ਵੱਖ-ਵੱਖ ਗ਼ਰੀਬ ਪਰਿਵਾਰਾਂ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਪਾਲ ਰਹੇ ਹਨ ਪਰ ਘਰਾਂ ਦੀ ਮੁੜ ਉਸਾਰੀ ਕਰਨ ਤੋਂ ਅਸਮਰੱਥ ਹਨ, ਇਸ ਲਈ ਪੰਜਾਬ ਸਰਕਾਰ ਉਨ੍ਹਾਂ ਦੇ ਘਰ ਬਣਾਉਣ ਲਈ ਉਨ੍ਹਾਂ ਦੀ ਮਦਦ ਕਰੇ। ਸ਼ਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਦਿਆਂ ਅਤੇ ਸ਼ੂਗਰ ਦੀ ਬੀਮਾਰੀ ਤੋਂ ਪੀੜਤ ਹੈ, ਜਦੋਂ ਸਾਰੇ ਘਰ ਦੀਆਂ ਛੱਤਾਂ ਚੋਣ ਲੱਗੀਆਂ ਤਾਂ ਉਨ੍ਹਾਂ ਬੜੀ ਮੁਸ਼ਕਿਲ ਨਾਲ ਰਾਤ ਕੱਟੀ, ਇਥੋਂ ਤੱਕ ਕਿ ਉਨ੍ਹਾਂ ਲੀੜਾ ਕੱਪੜਾ ਵੀ ਖਰਾਬ ਹੋ ਗਿਆ। ਪਾਉਣ ਲਈ ਵੀ ਕੁਝ ਨਹੀਂ ਬਚਿਆ। ਅੱਜ ਸਵੇਰੇ ਉਨ੍ਹਾਂ ਨੇ ਆਪਣੇ ਲੜਕੇ ਨੂੰ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਚੁੱਕ ਕੇ ਗੁਆਂਢੀਆਂ ਦੇ ਘਰ ਸ਼ਿਫ਼ਟ ਕੀਤਾ ਹੈ। ਇਸ ਤੋਂ ਮਹਿਲ ਕਲਾਂ ਵਾਸੀਆਂ ਮਨਪ੍ਰੀਤ ਸਿੰਘ ਪੁੱਤਰ ਰੂਪ ਸਿੰਘ, ਸੁਰਜੀਤ ਸਿੰਘ ਪੁੱਤਰ ਭੋਲਾ ਸਿੰਘ, ਹਰਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ, ਗੁਰਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ ਦੇ ਘਰ ਵੀ ਮੀਂਹ ਨਾਲ ਨੁਕਸਾਨੇ ਗਏ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ