JALANDHAR WEATHER

ਪਿੰਡ ਮੋਹੀ ਦੇ ਕਿਸਾਨਾਂ ਦੀ 350 ਏਕੜ ਫ਼ਸਲ ਮੀਂਹ ਕਾਰਨ ਪਾਣੀ 'ਚ ਡੁੱਬੀ

ਗੁਰੂਸਰ ਸੁਧਾਰ, 26 ਅਗਸਤ (ਜਗਪਾਲ ਸਿੰਘ ਸਿਵੀਆਂ)-ਪਿਛਲੇ ਦਿਨਾਂ ਤੋਂ ਪੂਰੇ ਪੰਜਾਬ ਵਿਚ ਪੈ ਰਹੇ ਭਾਰੀ ਮੀਂਹ ਨੇ ਜਿਥੇ ਸੂਬੇ ਤੇ ਦਰਿਆਈ ਇਲਾਕਿਆਂ 'ਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੋਈ ਹੈ, ਉਥੇ ਹੀ ਸੁਧਾਰ ਨੇੜਲੇ ਪਿੰਡ ਮੋਹੀ ਦੇ ਕਿਸਾਨਾਂ ਦੀ ਘੁਮਾਣ ਰੋਡ ਉਤੇ 350 ਏਕੜ ਝੋਨੇ ਤੇ ਸਬਜ਼ੀ ਦੀ ਫ਼ਸਲ ਇਸ ਭਾਰੀ ਮੀਂਹ ਦੀ ਭੇਟ ਚੜ੍ਹ ਕੇ ਡੁੱਬੀਆਂ ਦਿਖਾਈ ਦਿੱਤੀਆਂ। ਇਨ੍ਹਾਂ ਖੇਤਾਂ ਵਿਚ ਦੂਰ-ਦੂਰ ਤੱਕ ਖੜ੍ਹੇ ਮੀਂਹ ਦੇ ਪਾਣੀ ਦਾ ਮੰਜ਼ਰ ਬਹੁਤ ਹੀ ਡਰਾਉਣਾ ਤੇ ਖਤਰਨਾਕ ਦਿਖਾਈ ਦਿੱਤਾ। ਇਸ ਕੁਦਰਤੀ ਆਫ਼ਤ ਦਾ ਸਾਹਮਣਾ ਕਰ ਰਹੇ ਪਿੰਡ ਮੋਹੀ ਦਰਜਨ ਦੇ ਕਰੀਬ ਕਿਸਾਨਾਂ ਨਾਲ ਮਾਸਟਰ ਗੁਰਮੀਤ ਸਿੰਘ ਮੋਹੀ ਨੇ ਆਪਣੇ ਖੇਤਾਂ ਵਿਚ ਖੜ੍ਹੇ ਗੋਡੇ-ਗੋਡੇ ਪਾਣੀ ਦਿਖਾਉਂਦੇ ਹੋਏ ਦੱਸਿਆ ਕਿ ਭਾਰੀ ਮੀਂਹ ਤੇ ਨੇੜਲੇ ਪਿੰਡ ਢੈਪਈ ਦੇ ਖੇਤਾਂ ਤੋਂ ਪਾਣੀ ਉਨ੍ਹਾਂ ਦੇ ਖੇਤਾਂ ਵਿਚ ਆ ਪੁੱਜਾ ਹੈ ਜਿਥੇ ਅੱਗਿਓਂ ਇਸ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੋਈ ਵੀ ਪ੍ਰਬੰਧ ਨਹੀਂ ਹੈ ਅਤੇ ਇਸ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਅਤੇ ਉਨ੍ਹਾਂ ਦੀਆਂ ਫਸਲਾਂ ਡੁੱਬੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਖੇਤਾਂ ਨੇੜੇ ਲੰਘਣ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਖੇਤਾਂ ਤੋਂ ਉੱਚਾ ਹੈ ਅਤੇ ਪੀ. ਡਬਲਿਊ. ਡੀ. ਵਲੋਂ ਖੇਤਾਂ ਵਿਚਲੇ ਪਾਣੀ ਦੀ ਨਿਕਾਸੀ ਲਈ ਨੇੜਲੀ ਸੇਮ ਵਿਚ ਕਰਨ ਲਈ ਕੋਈ ਵੀ ਨਿਕਾਸੀ ਪਾਈਪਾਂ ਨਹੀਂ ਦੱਬੀਆਂ ਗਈਆਂ।

ਇਸ ਮੌਕੇ ਹੋਰਨਾਂ ਕਿਸਾਨਾਂ ਵਲੋਂ ਦੱਸਿਆ ਗਿਆ ਕਿ ਖੇਤਾਂ ਅਤੇ ਪਹੀ ਉੱਤੇ ਖੜ੍ਹੇ ਚਾਰ-ਚਾਰ ਫੁੱਟ ਪਾਣੀ ਦੇ ਚੱਲਦਿਆਂ ਉਹ ਆਪਣੇ ਪਸ਼ੂਆਂ ਲਈ ਹਰੇ ਚਾਰੇ ਨੂੰ ਲਿਆਉਣ ਤੋਂ ਵੀ ਅਸਮਰੱਥ ਹਨ, ਜਿਸ ਕਾਰਨ ਪਸ਼ੂਆਂ ਲਈ ਹਰੇ ਚਾਰੇ ਦੀ ਭਾਰੀ ਕਿੱਲਤ ਹੈ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਅਨੇਕਾਂ ਵਾਰ ਪੀ.ਡਬਲਿਊ.ਡੀ. ਵਿਭਾਗ ਨੂੰ ਖੇਤਾਂ ਵਿਚਲੀ ਪਾਣੀ ਦੀ ਨਿਕਾਸੀ ਲਈ ਅਰਜ਼ੋਈਆਂ ਕੀਤੀਆਂ ਹਨ ਪਰ ਬੇਪਰਵਾਹੀ ਦੀ ਗੂੜ੍ਹੀ ਨੀਂਦ ਸੁੱਤੇ ਵਿਭਾਗੀ ਬਾਬੂਆਂ ਦੇ ਕੰਨ੍ਹ ਉਤੇ ਜੂੰ ਨਹੀਂ ਸਰਕੀ, ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਅੱਜ ਭੁਗਤਣਾ ਪੈ ਰਿਹਾ ਹੈ, ਇਥੇ ਹੀ ਬਸ ਨਹੀਂ ਮੌਸਮ ਵਿਭਾਗ ਵਲੋਂ ਭਾਰੀ ਬਾਰਿਸ਼ ਦੀ ਚਿਤਾਵਨੀ ਦੇ ਚੱਲਦਿਆਂ ਹੋਰ ਮੀਂਹ ਆਉਣ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਹੋਰ ਵਧਣਗੀਆਂ ਨਾ ਕਿ ਘਟਣਗੀਆਂ। ਉਨ੍ਹਾਂ ਸਥਾਨਕ ਪ੍ਰਸ਼ਾਸਨ ਵਲੋਂ ਵੀ ਇਸ ਬਿਪਤਾ ਦੀ ਘੜੀ ਵਿਚ ਉਨ੍ਹਾਂ ਦੀ ਬਾਂਹ ਨਾ ਫੜਨ ਉਤੇ ਗੁੱਸੇ ਦਾ ਪ੍ਰਗਟਾਵਾ ਕੀਤਾ।

ਇਸ ਕੁਦਰਤੀ ਮਾਰ ਦਾ ਸਾਹਮਣਾ ਕਰਨ ਵਾਲੇ ਕਿਸਾਨ ਮਾਸਟਰ ਗੁਰਮੀਤ ਸਿੰਘ, ਸੁਖਮਿੰਦਰ ਸਿੰਘ, ਗੁਰਮੇਲ ਸਿੰਘ, ਦਿਲਬਾਗ ਸਿੰਘ, ਜਰਨੈਲ ਸਿੰਘ, ਗੁਰਮੀਤ ਸਿੰਘ ਐਕਸ ਸਰਵਿਸਮੈਨ, ਜਸਵਿੰਦਰ ਸਿੰਘ, ਮਾਸਟਰ ਗੁਰ ਅਮਰਵੀਰ ਸਿੰਘ, ਗੁਰਚਰਨ ਸਿੰਘ, ਮਨਮੋਹਨ ਸਿੰਘ, ਜਗਰਾਜ ਸਿੰਘ, ਰਵਿੰਦਰ ਸਿੰਘ ਤੇ ਸਾਧੂ ਸਿੰਘ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਤੋਂ ਉਨ੍ਹਾਂ ਦੀ ਸਾਰ ਲੈਣ ਦੀ ਅਪੀਲ ਕਰਦਿਆਂ ਉਨ੍ਹਾਂ ਦੀ ਡੁੱਬੀ ਝੋਨੇ ਤੇ ਸਬਜ਼ੀ ਦੀ ਫ਼ਸਲ ਵਿਚਲੇ ਭਾਰੀ ਮੀਂਹ ਦੇ ਪਾਣੀ ਦੀ ਨਿਕਾਸੀ ਜਲਦ ਤੋਂ ਜਲਦ ਕਰਨ ਦੀ ਬੇਨਤੀ ਕੀਤੀ।‌ 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ