JALANDHAR WEATHER

ਦਰਿਆ ਬਿਆਸ 'ਚ ਵੱਧ ਰਹੇ ਪਾਣੀ ਕਾਰਨ ਪੈਦਾ ਹੋਏ ਹਾਲਾਤ ਦਾ ਡੀ.ਸੀ. ਨੇ ਲਿਆ ਜਾਇਜ਼ਾ

ਕਪੂਰਥਲਾ, 26 ਅਗਸਤ (ਅਮਰਜੀਤ ਕੋਮਲ)-ਦਰਿਆ ਬਿਆਸ ਵਿਚ ਵੱਧ ਰਹੇ ਪਾਣੀ ਕਾਰਨ ਪੈਦਾ ਹੋਏ ਹਾਲਾਤ ਨੂੰ ਮੁੱਖ ਰੱਖਦਿਆਂ ਅੱਜ ਅਮਿਤ ਕੁਮਾਰ ਪੰਚਾਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਸਬ-ਡਵੀਜ਼ਨ ਦੇ ਪਿੰਡਾਂ ਕੰਮੇਵਾਲ ਤੇ ਬਾਘੂਵਾਲ ਦੇ ਸਾਹਮਣੇ ਐਡਵਾਂਸ ਧੁੱਸੀ ਬੰਨ੍ਹ ਦੀ ਮਜ਼ਬੂਤੀ ਲਈ ਡਰੇਨਜ ਵਿਭਾਗ ਵਲੋਂ ਕੀਤੇ ਜਾ ਰਹੇ ਕਾਰਜਾਂ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਰਿਆ ਬਿਆਸ ਦੇ ਧੁੱਸੀ ਬੰਨ੍ਹ ਤੇ ਐਡਵਾਂਸ ਬੰਨ੍ਹ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਡਰੇਨਜ ਵਿਭਾਗ ਵਲੋਂ ਲਗਾਤਾਰ ਗਸ਼ਤ ਕਰਕੇ ਸਥਿਤੀ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

ਇਸ ਮੌਕੇ ਡਰੇਨਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸਰਤਾਜ ਸਿੰਘ ਰੰਧਾਵਾ ਨੇ ਕਿਹਾ ਕਿ ਜ਼ਿਲ੍ਹੇ ਵਿਚ ਧੁੱਸੀ ਬੰਨ੍ਹ ਤੇ ਐਡਵਾਂਸ ਧੁੱਸੀ ਬੰਨ੍ਹਾਂ ਨੂੰ ਕੋਈ ਖ਼ਤਰਾ ਨਹੀਂ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਇਹਤਿਆਤ ਦੇ ਤੌਰ 'ਤੇ ਜਿਥੇ ਬੰਨ੍ਹ ਨੂੰ ਪਾਣੀ ਸੱਟ ਮਾਰ ਰਿਹਾ ਹੈ, ਉਨ੍ਹਾਂ ਥਾਵਾਂ ਦੀ ਮਜ਼ਬੂਤੀ ਲਈ 24 ਘੰਟੇ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀਰੇਵਾਲ ਤੇ ਕਿਸ਼ਨ ਸਿੰਘ ਵਾਲਾ ਕੋਲੋਂ ਬੰਨ੍ਹ ਦੀਆਂ ਮਜ਼ਬੂਤ ਥਾਵਾਂ ਨੂੰ ਮਜ਼ਬੂਤ ਕਰਨ ਲਈ ਡਰੇਨਜ ਵਿਭਾਗ ਵਲੋਂ ਮਿੱਟੀ ਦੇ ਬੋਰਿਆਂ ਦੇ ਕਰੇਟ ਲਗਾਏ ਜਾ ਰਹੇ ਹਨ ਤਾਂ ਜੋ ਬੰਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਖੋਰੇ ਤੋਂ ਬਚਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਚੱਕ ਪੱਤੀ ਬਾਲੂ ਬਹਾਦਰ ਵਿਖੇ ਵੀ ਐਡਵਾਂਸ ਬੰਨ੍ਹ ਦੀ ਮਜ਼ਬੂਤੀ ਲਈ ਵਿਭਾਗ ਕਾਰਜਸ਼ੀਲ ਹੈ ਤੇ ਵਿਭਾਗ ਦੇ ਐਸ.ਡੀ.ਓ. ਵਿਜੇ ਕੁਮਾਰ ਸਾਰੇ ਕੰਮ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਐਡਵਾਂਸ ਬੰਨ੍ਹ ਤੇ ਧੁੱਸੀ ਬੰਨ੍ਹ 'ਤੇ ਨਿਰੰਤਰ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਲੋੜ ਅਨੁਸਾਰ ਤੁਰੰਤ ਕਦਮ ਚੁੱਕੇ ਜਾ ਸਕਣ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਐਡਵਾਂਸ ਧੁੱਸੀ ਬੰਨ੍ਹ 'ਤੇ ਬੈਠੇ ਪਿੰਡ ਬਾਘੂਵਾਲ ਤੇ ਕੰਮੇਵਾਲ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਉਨ੍ਹਾਂ ਨੂੰ ਪ੍ਰਸ਼ਾਸਨ ਵਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁਸ਼ਕਿਲਾਂ ਦੇ ਬਾਵਜੂਦ ਵੀ ਪਿੰਡਾਂ ਦੇ ਲੋਕਾਂ ਦੇ ਹੌਸਲੇ ਬੁਲੰਦ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਸਮੱਸਿਆ ਹੋਵੇ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਗਏ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਦੇ ਨੰਬਰ 01822-231990, ਸੁਲਤਾਨਪੁਰ ਲੋਧੀ ਸਬ-ਡਵੀਜ਼ਨ ਦੇ ਕੰਟਰੋਲ ਰੂਮ ਨੰਬਰ 01828-222169 ਤੇ ਭੁਲੱਥ ਸਬ-ਡਵੀਜ਼ਨ ਦੇ ਕੰਟਰੋਲ ਰੂਮ ਨੰਬਰ 01822-271829 'ਤੇ ਸੰਪਰਕ ਕਰ ਸਕਦੇ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ