ਲਗਾਤਾਰ ਵੱਧ ਰਿਹਾ ਦਰਿਆ ਰਾਵੀ ਦਾ ਪਾਣੀ, ਲੋਕ ਚਿੰਤਤ, ਫ਼ਸਲਾਂ ਡੁੱਬਣ ਨਾਲ ਵੱਡੇ ਨੁਕਸਾਨ ਦਾ ਖਦਸ਼ਾ

ਕਲਾਨੌਰ, (ਗੁਰਦਾਸਪੁਰ), 26 ਅਗਸਤ (ਪੁਰੇਵਾਲ)- ਪਿਛਲੇ ਦਿਨਾਂ ਤੋਂ ਪੰਜਾਬ ’ਚ ਹੋ ਰਹੀ ਬਰਸਾਤ ਕਾਰਨ ਦਰਿਆ ਬਿਆਸ ਅਤੇ ਰਾਵੀ ’ਚ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ। ਦਰਿਆ ਰਾਵੀ ਦੇ ਪਾਣੀ ਨਾਲ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਖੇਤਰ ਦੀਆਂ ਫ਼ਸਲਾਂ ਵੱਡੀ ਪੱਧਰ ’ਤੇ ਪ੍ਰਭਾਵਿਤ ਹੋ ਚੁੱਕੀਆਂ ਹਨ ਅਤੇ ਲਗਾਤਾਰ ਦਰਿਆ ਰਾਵੀ ਦੇ ਪਾਣੀ ਦੇ ਵਧਣ ਨਾਲ ਲੋਕਾਂ ’ਤੇ ਹੋਣ ਵਾਲੇ ਵੱਡੇ ਨੁਕਸਾਨ ਦੀ ਚਿੰਤਾ ਵਿਖਾਈ ਦੇ ਰਹੀ ਹੈ। ਬਲਾਕ ਕਲਾਨੌਰ ਅਧੀਨ ਪਿੰਡ ਚੰਦੂ ਵਡਾਲਾ ਅਤੇ ਰੋਸਾ ਸਮੇਤ ਵੱਖ-ਵੱਖ ਦਰਜਨਾਂ ਪਿੰਡਾਂ ਦੀਆਂ ਵਾਹੀਯੋਗ ਜ਼ਮੀਨਾਂ ’ਚ ਇਸ ਵੇਲੇ ਪੰਜ ਤੋਂ 10 ਫੁੱਟ ਪਾਣੀ ਭਰ ਚੁੱਕਾ ਹੈ ਅਤੇ ਕਮਾਦ ਸਮੇਤ ਹੋਰ ਕਾਸ਼ਤ ਕੀਤੀਆਂ ਫ਼ਸਲਾਂ ਪਾਣੀ ਵਿਚ ਡੁੱਬ ਗਈਆਂ ਹਨ। ਪਾਣੀ ਦੇ ਵੱਧਦੇ ਪੱਧਰ ’ਤੋਂ ਚਿੰਤਤ ਲੋਕ ਧੁੱਸੀ ਬੰਨ੍ਹ ’ਤੇ ਪਹੁੰਚ ਰਹੇ ਹਨ।