ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਪ੍ਰਸ਼ਾਸਨ ਵਲੋਂ ਅਜਨਾਲਾ ਖੇਤਰ ਦੇ ਕਈ ਪਿੰਡ ਖਾਲੀ ਕਰਵਾਉਣ ਦੇ ਹੁਕਮ

ਅਜਨਾਲਾ, (ਅੰਮ੍ਰਿਤਸਰ), 25 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਪਹਾੜੀ ਖੇਤਰਾਂ ਵਿਚ ਹੋ ਰਹੀਆਂ ਭਾਰੀ ਬਾਰਿਸ਼ਾਂ ਦੇ ਕਾਰਨ ਰਾਵੀ ਦਰਿਆ ਦੇ ਵਿਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧਣ ਤੋਂ ਬਾਅਦ ਪ੍ਰਸ਼ਾਸਨ ਵਲੋਂ ਤਹਿਸੀਲ ਅਜਨਾਲਾ ਦੇ 14 ਪਿੰਡਾਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ‘ਅਜੀਤ’ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਐਸ.ਡੀ.ਐਮ. ਅਜਨਾਲਾ ਰਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਇਸ ਸਮੇਂ ਰਾਵੀ ਦਰਿਆ ਵਿਚ ਲਗਭਗ 4 ਲੱਖ ਕਿਊਸਿਕ ਪਾਣੀ ਚੱਲ ਰਿਹਾ ਹੈ ਅਤੇ ਰਾਤ ਸਮੇਂ ਹੋਰ ਵੀ ਬਹੁਤ ਜ਼ਿਆਦਾ ਪਾਣੀ ਆਉਣ ਦੀ ਸੰਭਾਵਨਾ ਹੈ। ਇਸ ਲਈ ਹੀ ਅਸੀਂ ਪਿੰਡਾਂ ਨੂੰ ਖਾਲੀ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ’ਤੇ ਯਕੀਨ ਨਾ ਕੀਤਾ ਜਾਵੇ ਤੇ ਪਿੰਡਾਂ ਨੂੰ ਖਾਲੀ ਕੀਤਾ ਜਾਵੇ ਤਾਂ ਜੋ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ।