ਡੇਰਾ ਬਾਬਾ ਨਾਨਕ ਵਿਖੇ ਰਾਵੀ ਦਰਿਆ ਵਿਚ ਵਧਿਆ ਪਾਣੀ ਦਾ ਪੱਧਰ

ਡੇਰਾ ਬਾਬਾ ਨਾਨਕ, (ਗੁਰਦਾਸਪੁਰ), 18 ਅਗਸਤ (ਹੀਰਾ ਸਿੰਘ ਮਾਂਗਟ)- ਪਿਛਲੇ ਕੁਝ ਦਿਨਾਂ ਤੋਂ ਪਹਾੜੀ ਇਲਾਕੇ ਵਿਚ ਹੋ ਰਹੀ ਭਾਰੀ ਬਰਸਾਤ ਤੇ ਬੱਦਲ ਫਟਣ ਤੋਂ ਬਾਅਦ ਜਿੱਥੇ ਰਾਵੀ ਦਰਿਆ ਵਿਚ ਪਹਿਲਾਂ ਹੀ ਪਾਣੀ ਭਰਿਆ ਪਿਆ ਸੀ, ਉਥੇ ਹੀ ਬੀਤੇ ਦਿਨ ਸਰਕਾਰ ਵਲੋਂ ਰਾਵੀ ਦਰਿਆ ਵਿਚ ਛੱਡੇ ਗਏ 150000 ਕਿਉਸਿਕ ਪਾਣੀ ਨਾਲ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ।
ਇਸ ਸੰਬੰਧੀ ਜਦ ‘ਅਜੀਤ’ ਦੀ ਟੀਮ ਨੇ ਦਰਿਆ ਰਾਵੀ ਦਾ ਦੌਰਾ ਕੀਤਾ ਤਾਂ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਮੇਤਲਾ ਦੇ ਕਿਸਾਨ ਆਗੂ ਤੇ ਸਾਬਕਾ ਸਰਪੰਚ ਪਰਮਪਾਲ ਸਿੰਘ ਮੇਤਲਾ ਨੇ ਦੱਸਿਆ ਕਿ ਕੱਲ੍ਹ ਰਾਵੀ ਵਿਚ ਛੱਡੇ ਗਏ ਡੇਢ ਲੱਖ ਕਿਉਸਿਕ ਪਾਣੀ ਨਾਲ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਅੱਜ ਦੇਰ ਰਾਤ ਆਏ ਤੇਜ਼ ਪਾਣੀ ਨਾਲ ਉਨ੍ਹਾਂ ਦੇ ਪਿੰਡ ਮੇਤਲਾ ਦੀ 80 ਏਕੜ ਦੇ ਕਰੀਬ ਝੋਨੇ, ਤਿਲ ਤੇ ਮਾਂਹ ਦੀ ਫਸਲ ਪੂਰੀ ਤਰ੍ਹਾਂ ਪਾਣੀ ਦੀ ਮਾਰ ਹੇਠ ਆ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਇਸ ਸੰਬੰਧੀ ਅਸੀਂ ਤਹਿਸੀਲਦਾਰ ਡੇਰਾ ਬਾਬਾ ਨਾਨਕ ਨੂੰ ਮਿਲ ਕੇ ਜਾਣੂ ਕਰਵਾ ਚੁੱਕੇ ਹਾਂ, ਜਿਨ੍ਹਾਂ ਵਲੋਂ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਜਲਦੀ ਪ੍ਰਸ਼ਾਸਨ ਅਧਿਕਾਰੀਆਂ ਦੀ ਇਕ ਵਿਸ਼ੇਸ਼ ਟੀਮ ਮੌਕਾ ਵੇਖਣ ਵਾਸਤੇ ਉਨ੍ਹਾਂ ਦੇ ਪਿੰਡ ਪੁੱਜੇਗੀ ਤੇ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਬਣਦਾ ਮੁਆਵਜ਼ਾ ਦੇਣ ਲਈ ਸਰਕਾਰ ਨੂੰ ਸਿਫਾਰਸ਼ ਕੀਤੀ ਜਾਵੇਗੀ। ਇਸ ਸੰਬੰਧੀ ਪਿੰਡ ਘੋਨੇਵਾਲ ਦੇ ਕਿਸਾਨਾਂ ਨੇ ਦੱਸਿਆ ਭਾਵੇਂ ਕਿ ਇਸ ਪਾਣੀ ਨਾਲ ਅਜੇ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਪਰ ਜਿਸ ਤਰ੍ਹਾਂ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ, ਜੇਕਰ ਪਾਣੀ ਦਾ ਪੱਧਰ ਇਸੇ ਤਰ੍ਹਾਂ ਹੀ ਵਧਦਾ ਰਿਹਾ ਤਾਂ ਰਾਵੀ ਦਰਿਆ ਦੇ ਨਜ਼ਦੀਕੀ ਪਿੰਡਾਂ ਦੇ ਕਿਸਾਨਾਂ ਦੀਆਂ ਫਸਲਾਂ ਨੂੰ ਵੱਡਾ ਨੁਕਸਾਨ ਪਹੁੰਚ ਸਕਦਾ ਹੈ।