JALANDHAR WEATHER

ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਘਟਿਆ

ਹਰੀਕੇ ਪੱਤਣ, (ਤਰਨਤਾਰਨ), 18 ਅਗਸਤ (ਸੰਜੀਵ ਕੁੰਦਰਾ)- ਪੋਂਗ ਡੈਮ ਤੋਂ ਛੱਡੇ ਪਾਣੀ ਕਾਰਨ ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਵਿਚ ਪਿਛਲੇ ਕਈ ਦਿਨਾਂ ਤੋਂ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਸੀ, ਜਿਸ ਕਾਰਨ ਡਾਊਨ ਸਟਰੀਮ ਨੂੰ ਛੱਡੇ ਪਾਣੀ ਕਾਰਨ ਹਰੀਕੇ ਹਥਾੜ ਖੇਤਰ ਵਿਚ ਵੱਡੀ ਤਬਾਹੀ ਹੋਈ। ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋ ਗਈਆਂ ਪਰੰਤੂ ਬੀਤੇ ਕੱਲ੍ਹ ਤੋਂ ਥੋੜ੍ਹੀ ਰਾਹਤ ਭਰੀ ਖ਼ਬਰ ਹੈ ਕਿ ਪਾਣੀ ਦਾ ਪੱਧਰ ਘੱਟ ਰਿਹਾ ਹੈ।

ਅੱਜ ਸਵੇਰੇ 9 ਵਜੇ ਹਰੀਕੇ ਹੈੱਡ ਵਰਕਸ ਦੇ ਰੈਗੂਲੇਸ਼ਨ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਹਰੀਕੇ ਹੈੱਡ ਵਰਕਸ ਦੇ ਅੱਪ ਸਟਰੀਮ ਵਿਚ ਪਾਣੀ ਦਾ ਪੱਧਰ 1 ਲੱਖ 12 ਹਜ਼ਾਰ ਕਿਊਸਿਕ ਤੋਂ ਘੱਟ ਕੇ 95 ਹਜ਼ਾਰ ਕਿਊਸਿਕ ਹੋ ਗਿਆ, ਜਿਸ ਵਿਚੋਂ ਡਾਊਨ ਸਟਰੀਮ ਨੂੰ 73 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜਦ ਕਿ 16 ਅਗਸਤ ਨੂੰ 90 ਹਜ਼ਾਰ ਕਿਊਸਿਕ ਪਾਣੀ ਡਾਊਨ ਸਟਰੀਮ ਨੂੰ ਛੱਡਿਆ ਜਾ ਰਿਹਾ ਸੀ।

ਜ਼ਿਕਰਯੋਗ ਹੈ ਕਿ ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ ਨੂੰ ਛੱਡੇ ਪਾਣੀ ਕਾਰਨ ਹਰੀਕੇ ਹਥਾੜ ਖੇਤਰ ਵਿਚ ਜ਼ਿਲ੍ਹਾ ਤਰਨਤਾਰਨ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਦਰਜਨਾਂ ਪਿੰਡਾਂ ਦੀ ਹਜ਼ਾਰਾਂ ਏਕੜ ਫਸਲ ਪਾਣੀ ਦੀ ਭੇਂਟ ਚੜ੍ਹ ਚੁੱਕੀ ਹੈ ਤੇ ਖੇਤਾਂ ਵਿਚ 10-10 ਫੁੱਟ ਤੱਕ ਪਾਣੀ ਭਰ ਚੁੱਕਾ ਹੈ। ਬੇਸ਼ੱਕ ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਘੱਟਣ ਕਾਰਨ ਰਾਹਤ ਭਰੀ ਖ਼ਬਰ ਹੈ ਪਰੰਤੂ ਪਹਾੜੀ ਇਲਾਕਿਆਂ ਵਿਚ ਲਗਾਤਾਰ ਹੋ ਰਹੀਆਂ ਬਾਰਿਸ਼ਾਂ ਅਤੇ ਬੱਦਲ ਫੱਟਣ ਕਾਰਨ ਪੋਂਗ ਡੈਮ ਅਤੇ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ, ਜੋ ਕਿ ਵੱਡੀ ਚਿੰਤਾ ਦਾ ਵਿਸ਼ਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ