JALANDHAR WEATHER

ਐੱਨ.ਐਸ.ਕਿਉ.ਐੱਫ਼. ਵੋਕੇਸ਼ਨਲ ਅਧਿਆਪਕ ਫਰੰਟ ਵਲੋਂ 24 ਅਗਸਤ ਨੂੰ ਅਮਨ ਅਰੋੜਾ ਦੀ ਰਿਹਾਇਸ਼ ਘੇਰਨ ਦੀ ਚਿਤਾਵਨੀ

ਮੰਡੀ ਕਿੱਲਿਆਂਵਾਲੀ, 18 ਅਗਸਤ (ਇਕਬਾਲ ਸਿੰਘ ਸ਼ਾਂਤ)- ਐੱਨ.ਐਸ.ਕਿਉ.ਐੱਫ਼. ਵੋਕੇਸ਼ਨਲ ਅਧਿਆਪਕ ਫਰੰਟ ਪੰਜਾਬ ਨੇ ਚਿਤਾਵਨੀ ਦਿੱਤੀ ਹੈ ਕਿ 20 ਅਗਸਤ ਨੂੰ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਦੀ ਸਬ ਕਮੇਟੀ ਨਾਲ ਮੀਟਿੰਗ ਵਿਚ 11 ਸਾਲਾਂ ਤੋਂ ਬਕਾਇਦਾ ਮਸਲੇ ਹੱਲ ਨਾ ਹੋਏ ਤਾਂ 24 ਅਗਸਤ ਨੂੰ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦੀ ਸੁਨਾਮ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਕੌਮੀ ਕੌਸ਼ਲ ਯੋਗਤਾ ਫਰੇਮਵਰਕ ਯੋਜਨਾ ਤਹਿਤ 2014 ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਲਗਭਗ 2633 ਟ੍ਰੇਨਰ ਪ੍ਰਾਈਵੇਟ ਕੰਪਨੀਆਂ ਰਾਹੀਂ ਨਿਯੁਕਤ ਹਨ, ਜੋ ਕਿ ਨਿਗੂਣੀ ਤਨਖਾਹ ’ਤੇ ਕੰਮ ਕਰ ਰਹੇ ਹਨ। ਪਹਿਲਾਂ ਤਨਖਾਹ 15,100 ਰੁਪਏ ਮਹੀਨਾ ਸੀ, ਜੋ ਹੁਣ ਹੌਲੀ-ਹੌਲੀ ਵੱਧ ਕੇ 18,300 ਰੁਪਏ ਹੋਈ ਹੈ। ਯੋਜਨਾ ਅਧੀਨ 2 ਲੱਖ ਤੋਂ ਵੱਧ ਵਿਦਿਆਰਥੀ 17 ਟਰੇਡਾਂ ਵਿਚ ਤਕਨੀਕੀ ਸਿੱਖਿਆ ਲੈ ਰਹੇ ਹਨ।

ਫਰੰਟ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਨੇ ਦੋਸ਼ ਲਾਇਆ ਕਿ ਮਾਨ ਸਰਕਾਰ ਅਧਿਆਪਕਾਂ ਦੀਆਂ ਮੰਗਾਂ ਨੂੰ ਜਾਣ-ਬੁੱਝ ਕੇ ਟਾਲ ਰਹੀ ਹੈ। ਘੱਟ ਤਨਖ਼ਾਹਾਂ, ਨੌਕਰੀ ਸੁਰੱਖਿਆ ਦੀ ਘਾਟ ਅਤੇ ਪ੍ਰਾਈਵੇਟ ਕੰਪਨੀਆਂ ਦੇ ਸ਼ੋਸ਼ਣ ਕਰਕੇ ਇਹ ਅਧਿਆਪਕ ਮਾਨਸਿਕ ਪ੍ਰੇਸ਼ਾਨੀ ਵਿਚ ਹਨ। ਉਨ੍ਹਾਂ ਕਿਹਾ ਕਿ ‘ਬਰਾਬਰ ਕੰਮ, ਬਰਾਬਰ ਤਨਖ਼ਾਹ’ ਲਾਗੂ ਕਰਦੇ ਅਧਿਆਪਕਾਂ ਨੂੰ ਆਊਟਸੋਰਸ ਸਕੀਮ ਤੋਂ ਹਟਾ ਕੇ ਸਿੱਧੇ ਤੌਰ ’ਤੇ ਵਿਭਾਗੀ ਠੇਕੇ ਅਧੀਨ ਲਿਆਂਦਾ ਜਾਵੇ।

ਜਗਜੀਤ ਸਿੰਘ, ਗਗਨ ਸ਼ਰਮਾ, ਰਜਨੀ ਵਰਮਾ ਅਤੇ ਹੋਰਨਾਂ ਫਰੰਟ ਆਗੂਆਂ ਨੇ ਚਿਤਾਵਨੀ ਦਿੱਤੀ ਕਿ 20 ਅਗਸਤ ਦੀ ਮੀਟਿੰਗ ਫੈਸਲਾਕੁੰਨ ਹੋਵੇਗੀ। ਜੇ ਹੱਲ ਨਾ ਨਿਕਲਿਆ ਤਾਂ 24 ਅਗਸਤ ਤੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦਾ ਆਗਾਜ਼ ਅਮਨ ਅਰੋੜਾ ਦੀ ਰਿਹਾਇਸ਼ ਘੇਰਨ ਤੋਂ ਕੀਤਾ ਜਾਵੇਗਾ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ