ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਰੈੱਡ ਅਲਰਟ ਜਾਰੀ

ਰਾਜਾਸਾਂਸੀ, 11 ਅਗਸਤ (ਹਰਦੀਪ ਸਿੰਘ ਖੀਵਾ)-ਦੇਸ਼ ਭਰ 'ਚ 15 ਅਗਸਤ ਨੂੰ ਮਨਾਏ ਜਾ ਰਹੇ ਆਜ਼ਾਦੀ ਦਿਵਸ ਤਹਿਤ ਅੱਜ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਏਅਰਪੋਰਟ ਦੇ ਅਧਿਕਾਰੀਆਂ ਵਲੋਂ ਹਵਾਈ ਅੱਡੇ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ 20 ਅਗਸਤ ਤੱਕ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ। ਇਸ ਸੰਬੰਧੀ ਹਵਾਈ ਅੱਡੇ ਦੇ ਡਾਇਰੈਕਟਰ ਸ੍ਰੀ ਐਸ. ਕੇ. ਕਪਾਹੀ ਵਲੋਂ ਸੀ. ਆਈ. ਐਸ. ਐਫ. ਦੇ ਕਮਾਂਡੈਂਟ ਦੀ ਹਾਜ਼ਰੀ 'ਚ ਹਵਾਈ ਅੱਡੇ ਦੇ ਸਮੂਹ ਵਿਭਾਗਾਂ ਤੇ ਏਅਰਲਾਈਨਾਂ ਦੇ ਅਧਿਕਾਰੀਆਂ ਦੀ ਬੈਠਕ ਦੌਰਾਨ 15 ਅਗਸਤ ਉਤੇ ਰੈੱਡ ਅਲਰਟ ਜਾਰੀ ਕਰਨ ਦਾ ਫਰਮਾਨ ਜਾਰੀ ਕਰਦਿਆਂ ਸੁਰੱਖਿਆ ਨੂੰ ਹੋਰ ਤੇਜ਼ ਕਰਨ ਲਈ ਕਿਹਾ।
ਹਵਾਈ ਅੱਡੇ ਦੇ ਡਾਇਰੈਕਟਰ ਐਸ. ਕੇ. ਕਪਾਹੀ ਅਤੇ ਹਵਾਈ ਅੱਡੇ 'ਤੇ ਤਾਇਨਾਤ ਸੁਰੱਖਿਆ ਫੋਰਸ ਸੀ. ਆਈ. ਐਸ. ਐਫ. ਦੇ ਕਮਾਂਡੈਂਟ ਅਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਹਵਾਈ ਅੱਡੇ ਦੀ ਸੁਰੱਖਿਆ 'ਚ ਹੋਰ ਵਾਧਾ ਕਰਦਿਆਂ ਕਾਰ ਪਾਰਕਿੰਗ, ਸਿਟੀ ਸਾਈਡ, ਯਾਤਰੂ ਹਾਲ ਅੰਦਰ ਪ੍ਰਵੇਸ਼ ਕਰਨ ਵਾਲੇ ਤੇ ਬਾਹਰ ਨਿਕਲਣ ਵਾਲੇ ਗੇਟਾਂ ਅਤੇ ਏਅਰਪੋਰਟ ਟੀ-ਪੁਆਇੰਟ ਉਤੇ ਏਅਰਪੋਰਟ-ਅੰਮ੍ਰਿਤਸਰ ਰੋਡ ਉਤੇ ਸੁਰੱਖਿਆ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਹਵਾਈ ਅੱਡੇ ਦੇ ਘੇਰੇ ਅੰਦਰ ਬਾਬਾ ਜਵੰਦ ਸਿੰਘ ਦੀ ਯਾਦ 'ਚ ਸੁਸ਼ੋਭਿਤ ਗੁਰਦੁਆਰਾ ਸੰਤਸਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦਾ ਵੀ ਅੰਦਰ ਜਾਣਾ ਬੰਦ ਕਰ ਦਿੱਤਾ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਏ. ਸੀ. ਪੀ. ਯਾਦਵਿੰਦਰ ਸਿੰਘ ਤੇ ਪੁਲਿਸ ਥਾਣਾ ਹਵਾਈ ਅੱਡਾ ਦੇ ਐਸ. ਐਚ. ਓ. ਇੰਸਪੈਕਟਰ ਕਲਜੀਤ ਕੌਰ ਵਲੋਂ ਵੀ ਹਵਾਈ ਅੱਡੇ 'ਤੇ ਪ੍ਰਵੇਸ਼ ਕਰਨ ਵਾਲੇ ਰਸਤਿਆਂ 'ਤੇ ਪੁਲਿਸ ਦੇ ਜਵਾਨ ਤਾਇਨਾਤ ਕਰ ਦਿੱਤੇ ਹਨ ਤੇ ਸਪੈਸ਼ਲ ਨਾਕਾਬੰਦੀ ਕਰਕੇ ਆਉਣ-ਜਾਣ ਵਾਲੀਆਂ ਗੱਡੀਆਂ ਦੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਸੀ. ਆਈ. ਐਸ. ਐਫ. ਤੇ ਪੰਜਾਬ ਪੁਲਿਸ ਵਲੋਂ ਹਵਾਈ ਅੱਡੇ ਅੰਦਰ ਪ੍ਰਵੇਸ਼ ਕਰਨ ਵਾਲੀਆਂ ਗੱਡੀਆਂ ਦੀ ਖੋਜੀ ਕੁੱਤਿਆਂ ਸਮੇਤ ਈ. ਵੀ. ਡੀ. ਮਸ਼ੀਨ ਰਾਹੀਂ ਬਾਰੀਕੀ ਨਾਲ ਜਾਂਚ ਪੜਤਾਲ ਆਰੰਭ ਕੀਤੀ ਜਾ ਰਹੀ ਹੈ ਤਾਂ ਜੋ ਅਣਸੁਖਾਵੀਂ ਘਟਨਾ ਨਾ ਵਾਪਰੇ।