ਮਹਿਲ ਕਲਾਂ 'ਚ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਗਾਉਣ ਦੀ ਸ਼ੁਰੂਆਤ - ਵਿਧਾਇਕ ਕੁਲਵੰਤ ਸਿੰਘ ਪੰਡੋਰੀ

ਮਹਿਲ ਕਲਾਂ, 11 ਅਗਸਤ (ਅਵਤਾਰ ਸਿੰਘ ਅਣਖੀ)-ਚੇਅਰਮੈਨ ਵਿਸ਼ੇਸ਼ ਅਧਿਕਾਰ ਕਮੇਟੀ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਮਹਿਲ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਆਂਗਣਵਾੜੀ ਸੈਂਟਰ ਵਿਖੇ ਵਾਤਾਵਰਣ ਨੂੰ ਹਰਾ-ਭਰਾ ਬਣਾਉਣ ਲਈ ਬੂਟੇ ਲਗਾਉਣ ਦੀ ਮੁਹਿੰਮ ਦਾ ਸ਼ੁੱਭ ਆਰੰਭ ਕੀਤਾ। ਵਿਧਾਇਕ ਪੰਡੋਰੀ ਵਲੋਂ ਮਹਿਲ ਕਲਾਂ ਦੀਆਂ ਦੋਵੇਂ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਫਲਦਾਰ, ਫੁੱਲਦਾਰ ਅਤੇ ਛਾਂਦਾਰ ਬੂਟੇ ਲਗਾਏ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਧੇਰੇ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਮਹਿਲ ਕਲਾਂ ਤੋਂ ਕੀਤੀ ਗਈ ਹੈ। ਆਉਣ ਵਾਲੇ ਦਿਨਾਂ 'ਚ ਹਲਕੇ ਦੇ ਹਰ ਪਿੰਡ ਵਿਚ ਪਾਰਟੀ ਵਰਕਰਾਂ, ਗ੍ਰਾਮ ਪੰਚਾਇਤਾਂ ਅਤੇ ਸਮਾਜ ਸੇਵੀਆਂ ਦੀ ਸਹਾਇਤਾ ਨਾਲ ਵੱਧ ਤੋਂ ਵੱਧ ਬੂਟੇ ਲਗਾਏ ਜਾਣਗੇ। ਵਿਧਾਇਕ ਪੰਡੋਰੀ ਨੇ ਦੱਸਿਆ ਕਿ ਪਿਛਲੇ ਸਮੇਂ ਹਲਕੇ ਦੇ ਕਈ ਪਿੰਡਾਂ ਵਿਚ ਸੰਗਤਾਂ ਦੇ ਸਹਿਯੋਗ ਨਾਲ ਜੰਗਲ ਲਗਾਏ ਗਏ ਸਨ, ਜਿਥੇ ਹਜ਼ਾਰਾਂ ਬੂਟੇ ਅੱਜ ਵੱਧ ਰਹੇ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ।
ਉਨ੍ਹਾਂ ਵਾਤਾਵਰਣ ਸੰਭਾਲ ਲਈ ਸਮੂਹ ਗ੍ਰਾਮ ਪੰਚਾਇਤਾਂ, ਯੂਥ ਕਲੱਬਾਂ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਪਿੰਡਾਂ ਦੀਆਂ ਸਾਂਝੀਆਂ ਥਾਵਾਂ, ਰਸਤਿਆਂ ਅਤੇ ਖਾਲੀ ਜ਼ਮੀਨਾਂ ‘ਤੇ ਬੂਟੇ ਲਗਾਉਣ ਦੀ ਮੁਹਿੰਮ ਵਿਚ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਸਰਪੰਚ ਸਰਬਜੀਤ ਸਿੰਘ ਸ਼ੰਭੂ, ਸਰਪੰਚ ਕਿਰਨਜੀਤ ਸਿੰਘ, ਮਾ: ਚਰਨਜੀਤ ਸਿੰਘ ਠੀਕਰੀਵਾਲ, ਸਰਪੰਚ ਲਖਵੀਰ ਸਿੰਘ ਸਹੌਰ, ਗੁਰਦੀਪ ਸਿੰਘ ਸੋਢਾ, ਬਾਬਾ ਸ਼ੇਰ ਸਿੰਘ ਖ਼ਾਲਸਾ, ਗੁਰਜੀਤ ਸਿੰਘ ਧਾਲੀਵਾਲ, ਸਤੀਸ਼ ਕੁਮਾਰ ਬਾਂਸਲ, ਹਰਕੰਵਲ ਸਿੰਘ ਚੀਮਾ, ਮਨਜੀਤ ਸਿੰਘ ਸਹਿਜੜਾ, ਪ੍ਰਧਾਨ ਵਿਜੇ ਕੁਮਾਰ ਬਾਂਸਲ, ਮਨਦੀਪ ਚੀਕੂ, ਰਾਹੁਲ ਕੌਂਸਲ, ਮੈਡਮ ਰਮਨਦੀਪ ਕੌਰ, ਪੀ. ਏ. ਬਿੰਦਰ ਸਿੰਘ ਮਹਿਲ ਖੁਰਦ, ਅਵਤਾਰ ਸਿੰਘ ਗਰੇਵਾਲ ਆਦਿ ਹਾਜ਼ਰ ਸਨ।