JALANDHAR WEATHER

ਤਹਿਸੀਲ ਮਹਿਲ ਕਲਾਂ 'ਚ 15 ਮਿੰਟਾਂ 'ਚ ਰਜਿਸਟਰੀ ਪ੍ਰਕਿਰਿਆ ਦਾ ਵਿਧਾਇਕ ਪੰਡੋਰੀ ਵਲੋਂ ਜਾਇਜ਼ਾ

ਮਹਿਲ ਕਲਾਂ, 11 ਅਗਸਤ (ਅਵਤਾਰ ਸਿੰਘ ਅਣਖੀ)-ਚੇਅਰਮੈਨ ਵਿਸ਼ੇਸ਼ ਅਧਿਕਾਰ ਕਮੇਟੀ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਅੱਜ ਤਹਿਸੀਲ ਮਹਿਲ ਕਲਾਂ ਵਿਚ ਚੱਲ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਇਸ ਦੌਰਾਨ ਭਗਵੰਤ ਮਾਨ ਸਰਕਾਰ ਵਲੋਂ ਦਿੱਤੇ ਹੁਕਮਾਂ ਅਨੁਸਾਰ, ਤਹਿਸੀਲ ਅੰਦਰ 15 ਮਿੰਟਾਂ ਵਿਚ ਰਜਿਸਟਰੀ ਪ੍ਰਕਿਰਿਆ ਪੂਰੀ ਕਰਨ ਦੀ ਪ੍ਰਣਾਲੀ ਦੀ ਤਸਦੀਕ ਕਰਨ ਲਈ ਮੌਕੇ ‘ਤੇ ਹੀ ਰਜਿਸਟਰੀ ਕਰਵਾਉਣ ਦੀ ਸ਼ੁਰੂਆਤ ਕਰਵਾਈ।

ਵਿਧਾਇਕ ਪੰਡੋਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਰਾਜ ਭਰ ਦੀਆਂ ਤਹਿਸੀਲਾਂ ਵਿਚ ਆਨਲਾਈਨ ਰਜਿਸਟਰੀ ਪ੍ਰਕਿਰਿਆ ਨੂੰ ਤੇਜ਼ ਤੇ ਪਾਰਦਰਸ਼ੀ ਬਣਾਉਣ ਲਈ ਢੁਕਵੇਂ ਕਦਮ ਚੁੱਕੇ ਹਨ। ਹੁਣ ਪਿੰਡਾਂ ਦੇ ਲੋਕਾਂ ਨੂੰ ਰਜਿਸਟਰੀ ਸਮੇਤ ਹੋਰ ਸਰਕਾਰੀ ਕੰਮਾਂ ਲਈ ਦਫ਼ਤਰਾਂ ‘ਚ ਖੱਜਲ-ਖੁਆਰੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵਲੋਂ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਲਗਾਤਾਰ ਉਪਰਾਲਿਆਂ ਕਾਰਨ ਹਰ ਵਰਗ ਦੇ ਲੋਕ ਸੰਤੁਸ਼ਟ ਹਨ। ਉਨ੍ਹਾਂ ਤਹਿਸੀਲਦਾਰ ਮਹਿਲ ਕਲਾਂ ਪਵਨ ਕੁਮਾਰ ਦੀਆਂ ਸੇਵਾਵਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਹੋਰ ਅਧਿਕਾਰੀ ਵੀ ਇਨ੍ਹਾਂ ਤੋਂ ਪ੍ਰੇਰਣਾ ਲੈ ਕੇ ਤਨਦੇਹੀ ਨਾਲ ਕੰਮ ਕਰਨ। ਵਿਧਾਇਕ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦਫ਼ਤਰਾਂ ‘ਚ ਆਉਣ ਵਾਲੇ ਲੋਕਾਂ ਦੇ ਕੰਮ ਪਹਿਲ ਦੇ ਆਧਾਰ ‘ਤੇ ਨਿਪਟਾਏ ਜਾਣ ਅਤੇ ਕਿਸੇ ਨੂੰ ਵੀ ਪ੍ਰੇਸ਼ਾਨੀ ਨਾ ਹੋਵੇ। ਇਸ ਮੌਕੇ ਗੁਰਜੀਤ ਸਿੰਘ ਸਹਿਜੜਾ, ਗੁਰਦੀਪ ਸਿੰਘ ਸੋਢਾ, ਸਤੀਸ਼ ਕੁਮਾਰ ਬਾਂਸਲ, ਗੁਰਪ੍ਰੀਤ ਗੁਰੀ ਔਲਖ ਆੜ੍ਹਤੀਆ, ਬਿੰਦਰ ਸਿੰਘ ਪੀ. ਏ., ਮਨਜੀਤ ਸਿੰਘ ਸਹਿਜੜਾ ਆਦਿ ਹਾਜ਼ਰ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ