ਫ਼ਾਜ਼ਿਲਕਾ ਪੁਲਿਸ ਵਲੋਂ 15 ਅਗਸਤ ਦੇ ਮੱਦੇਨਜ਼ਰ ਕੱਢਿਆ ਫਲੈਗ ਮਾਰਚ

ਫ਼ਾਜ਼ਿਲਕਾ, 11 ਅਗਸਤ (ਬਲਜੀਤ ਸਿੰਘ)-ਫ਼ਾਜ਼ਿਲਕਾ ਵਿਚ 15 ਅਗਸਤ ਦੇ ਮੱਦੇਨਜ਼ਰ ਚੌਕਸੀ ਵਧਾਉਂਦੇ ਹੋਏ ਫ਼ਾਜ਼ਿਲਕਾ ਪੁਲਿਸ ਵਲੋਂ ਫਲੈਗ ਮਾਰਚ ਕੱਢਿਆ ਗਿਆ। ਇਸ ਫਲੈਗ ਮਾਰਚ ਦੀ ਅਗਵਾਈ ਡੀ. ਆਈ. ਜੀ. ਫ਼ਿਰੋਜ਼ਪੁਰ ਰੇਂਜ ਅਤੇ ਐਸ. ਐਸ. ਪੀ. ਫ਼ਾਜ਼ਿਲਕਾ ਦੇ ਦਿਸ਼ਾ-ਨਿਰਦੇਸ਼ਾਂ ਉੱਪਰ ਡੀ. ਐਸ. ਪੀ. ਲਵਦੀਪ ਸਿੰਘ ਗਿੱਲ ਵਲੋਂ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਡੀ. ਐਸ. ਪੀ. ਲਵਦੀਪ ਸਿੰਘ ਗਿੱਲ ਨੇ ਦੱਸਿਆ ਕਿ ਫ਼ਾਜ਼ਿਲਕਾ ਬਾਰਡਰ ਜ਼ਿਲ੍ਹਾ ਹੋਣ ਦੇ ਨਾਲ-ਨਾਲ ਇਸ ਦੇ ਨਾਲ ਹੋਰ ਰਾਜਾਂ ਦੀਆਂ ਸਰਹੱਦਾਂ ਵੀ ਲੱਗਦੀਆਂ ਹਨ, ਜਿਸ ਉਤੇ ਇਹਤਿਆਦ ਵਰਤਦੇ ਹੋਏ ਉਨ੍ਹਾਂ ਵਲੋਂ ਪਿਛਲੇ ਕੁਝ ਦਿਨਾਂ ਤੋਂ ਚੌਕਸੀ ਵਧਾਈ ਗਈ ਹੈ ਅਤੇ ਅੱਜ ਉਨ੍ਹਾਂ ਵਲੋਂ ਕਰੀਬ 100 ਦੇ ਕਰੀਬ ਪੁਲਿਸ ਫੋਰਸ ਨਾਲ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਫਲੈਗ ਮਾਰਚ ਦਾ ਮਕਸਦ ਲੋਕਾਂ ਵਿਚ ਪੁਲਿਸ ਦਾ ਵਿਸ਼ਵਾਸ ਬਣਾਉਣਾ ਹੈ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੁਲਿਸ ਦਾ ਸਾਥ ਦੇਣ ਅਤੇ ਜੇਕਰ ਕਿਸੇ ਕੋਲ ਵੀ ਕੋਈ ਮਾੜੇ ਅਨਸਰ ਦੀ ਕੋਈ ਸੂਚਨਾ ਹੋਵੇ ਤਾਂ ਪੁਲਿਸ ਨਾਲ ਸਾਂਝੀ ਕੀਤੀ ਜਾਵੇ ਤਾਂ ਕਿ ਪੁਲਿਸ ਵਲੋਂ ਉਨ੍ਹਾਂ ਮਾੜਿਆਂ ਅਨਸਰਾਂ ਵਿਰੁੱਧ ਕਾਰਵਾਈ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਵੇ। ਇਸ ਫਲੈਗ ਮਾਰਚ ਦੌਰਾਨ ਸ਼ਹਿਰ ਵਿਚ ਜਿਥੇ ਪੁਲਿਸ ਵਲੋਂ ਸੜਕਾਂ ਅਤੇ ਬਾਜ਼ਾਰਾਂ ਵਿਚ ਨਾਜਾਇਜ਼ ਕਬਜ਼ੇ ਹਟਵਾਏ ਗਏ, ਉਥੇ ਹੀ ਲੋਕਾਂ ਵਲੋਂ ਗ਼ਲਤ ਪਾਰਕ ਕੀਤੇ ਵ੍ਹੀਕਲਾਂ ਦੇ ਚਲਾਨ ਵੀ ਕੀਤੇ ਗਏ।