JALANDHAR WEATHER

ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਰੋਕਣ ਲਈ 'ਆਪ' ਸਰਕਾਰ ਨੇ ਐਂਟੀ ਡਰੋਨ ਪ੍ਰਣਾਲੀ ਸ਼ੁਰੂ ਕਰਕੇ ਇਤਿਹਾਸ ਸਿਰਜਿਆ- ਧਾਲੀਵਾਲ

ਅਜਨਾਲਾ, 10 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਰਹੱਦ ਪਾਰ ਗੁਆਂਢੀ ਮੁਲਕ ਪਾਕਿਸਤਾਨ ਤੋਂ ਨਸ਼ਿਆਂ ਦੀ ਹੋਣ ਵਾਲੀ ਤਸਕਰੀ ਨੂੰ ਮੁਕੰਮਲ ਤੌਰ 'ਤੇ ਰੋਕਣ ਲਈ ਐਂਟੀ ਡਰੋਨ ਪ੍ਰਣਾਲੀ (ਬਾਜ਼ ਅੱਖ) ਸ਼ੁਰੂ ਕਰਕੇ ਨਵਾਂ ਇਤਿਹਾਸ ਸਿਰਜਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਸਰਕਾਰ ਵਲੋਂ ਮਾਰਚ ਮਹੀਨੇ ਵਿਚ ਸ਼ੁਰੂ ਕੀਤੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਦੇ ਦੂਸਰੇ ਪੜਾਅ ਦੇ ਅਖੀਰਲੇ ਦਿਨ ਅੱਜ ਅਜਨਾਲਾ ਸ਼ਹਿਰ ਅੰਦਰ ਸ਼ਹਿਰੀ ਤੇ ਬਲਾਕ ਪ੍ਰਧਾਨ ਅਮਿਤ ਔਲ ਦੀ ਅਗਵਾਈ 'ਚ ਵਾਰਡ ਨੰਬਰ 5, 6, 7, 8, 9, 10, 11, 12 ਅਤੇ 13 ਵਿਚ ਕੀਤੀਆਂ ਨਸ਼ਾ ਮੁਕਤੀ ਯਾਤਰਾਵਾਂ ਵਿਚ ਸ਼ਿਰਕਤ ਕਰਨ ਸਮੇਂ ਪੀ.ਐਮ. ਸ੍ਰੀ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਅਜਨਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਸਰਹੱਦਾਂ 'ਤੇ ਤਾਇਨਾਤ ਬੀ.ਐੱਸ.ਐਫ. ਦੇ ਜਵਾਨ ਗੁਆਂਢੀ ਮੁਲਕ ਦੀਆਂ ਦੇਸ਼ ਵਿਰੋਧੀ ਕਾਰਵਾਈਆਂ ਨੂੰ ਨਾਕਾਮ ਕਰਨ ਲਈ ਆਪਣੀ ਡਿਊਟੀ ਪੂਰੀ ਮੁਸਤੈਦੀ ਨਾਲ ਨਿਭਾਅ ਰਹੇ ਹਨ ਅਤੇ ਪੰਜਾਬ ਪੁਲਿਸ ਵੀ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਨੂੰ ਠੱਲ੍ਹ ਪਾਉਣ ਲਈ ਹਮੇਸ਼ਾ ਯਤਨਸ਼ੀਲ ਹੈ। ਬੀਤੇ ਕੱਲ੍ਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਸ਼ੁਰੂ ਕੀਤੀ ਐਂਟੀ ਡਰੋਨ ਪ੍ਰਣਾਲੀ (ਬਾਜ਼ ਅੱਖ) ਨਾਲ ਸਰਕਾਰ ਦੀ ਨਸ਼ਿਆਂ ਵਿਰੋਧੀ ਮੁਹਿੰਮ ਨੂੰ ਵੱਡਾ ਬਲ ਮਿਲਿਆ ਹੈ। ਇਸ ਤੋਂ ਬੀ.ਐਸ.ਐਫ. ਅਤੇ ਪੁਲਿਸ ਦੇ ਅਧਿਕਾਰੀ ਤੇ ਜਵਾਨ ਪੂਰੀ ਤਰ੍ਹਾਂ ਖੁਸ਼ ਹਨ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨਸ਼ਿਆਂ ਦੇ ਖ਼ਾਤਮੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ