10-08-2025
ਦਲਦਲ ਦੇ ਫੁੱਲ
ਨਾਵਲਕਾਰ : ਗ. ਸ. ਨਕਸ਼ਦੀਪ ਪੰਜਕੋਹਾ
ਪ੍ਰਕਾਸ਼ਕ : ਆਟਮ ਆਰਟ ਪਟਿਆਲਾ
ਮੁੱਲ : 250 ਰੁਪਏ, ਸਫ਼ੇ : 163
ਸੰਪਰਕ : 73803-73802
ਗ. ਸ. ਨਕਸ਼ਦੀਪ ਪੰਜਕੋਹਾ ਪੰਜਾਬੀ ਦਾ ਨਾਮਵਰ ਨਾਵਲਕਾਰ ਹੈ। ਸਫ਼ਲ ਨਾਵਲਨਿਗਾਰੀ ਦੇ ਇਸਰਾਰ ਉਸ ਨੂੰ ਬਾਖੂਬੀ ਮਾਲੂਮ ਹਨ। ਉਸ ਦੇ ਨਾਵਲ ਨਿਰੰਤਰ ਪੰਜਾਬੀ ਪਾਠਕਾਂ ਦੇ ਮਨਾਂ 'ਤੇ ਰਾਜ ਕਰ ਰਹੇ ਹਨ। ਸਿਆਣੇ ਸੱਜਣਾਂ ਦਾ ਮੰਨਣਾ ਹੈ ਕਿ ਨਾਵਲ ਸਭ ਤੋਂ ਵਧੇਰੇ ਕਲਪਨਿਕ ਹੁੰਦਾ ਹੋਇਆ ਵੀ ਸਭ ਤੋਂ ਵਧੇਰੇ ਅਦਬ ਦਾ ਯਥਾਰਥਿਕ ਰੂਪ ਹੈ। ਨਾਵਲ ਦੇ ਵਿਸ਼ਲੇਸ਼ਕਾਂ ਦਾ ਇਹ ਵੀ ਮੰਨਣਾ ਹੈ ਕਿ ਨਾਵਲ ਵਿਚ ਸਿਰਜਿਤ ਯਥਾਰਥ ਸੁਚੇਤ ਦੋਹਰੀ ਦ੍ਰਿਸ਼ਟੀ ਨਾਲ ਚਿਤਰਿਆ ਜਾਂਦਾ ਹੈ ਜੋ ਜੀਵਨ ਦੇ ਆਮ ਰਿਸ਼ਤਿਆਂ ਵਿਚ ਨਹੀਂ ਮਿਲਦੀ। ਗ. ਸ. ਨਕਸ਼ਦੀਪ ਪੰਜਕੋਹਾ ਦੇ ਨਾਵਲਾਂ ਦੀ ਅੰਤਰਾਤਮਾ ਇਸ ਨਾਵਲੀ ਸੁਭਾਅ ਨਾਲ ਬਾਖ਼ੂਬੀ ਮੇਲ ਖਾਂਦੀ ਹੈ। ਇਹ ਮੇਲ ਹੀ ਸਹੀ ਮਾਅਨਿਆਂ ਵਿਚ ਸਿਰਜਣਾਤਮਿਕ ਸੰਤੁਸ਼ਟੀ ਦਾ ਸਬੱਬ ਬਣਦਾ ਹੈ। ਗੌਰਤਲਬ ਹੈ ਕਿ ਪੰਜਕੋਹਾ ਨਾਵਲਕਾਰ ਦੇ ਨਾਲ-ਨਾਲ ਇਕ ਚੇਤੰਨ ਕਵੀ ਵੀ ਹੈ।
ਵਿਚਾਰਧੀਨ ਨਾਵਲ 'ਦਲਦਲ ਦੇ ਫੁੱਲ' ਅਸਲੋਂ ਹੀ ਵੱਖਰੇ ਖ਼ਿਆਲੀ ਕੋਣ ਵਾਲਾ ਨਾਵਲ ਹੈ। ਦਲਦਲ ਦਾ ਸ਼ਬਦਕੋਸ਼ੀ ਅਰਥ ਘਾਣ, ਚਿੱਕੜ, ਜਿੱਲ੍ਹਣ ਜਾਂ ਧਸਣ ਹੈ। ਇੰਝ ਦਲਦਲ ਆਪਣੇ-ਆਪ 'ਚ ਨਾਕਾਰਾਤਮਿਕ ਅਰਥ ਨੂੰ ਦਰਸਾਉਂਦਾ ਸ਼ਬਦ ਹੈ। ਇਸ ਨਾਵਲ ਵਿਚ ਮਾਨਵੀ ਸੰਬੰਧਾਂ ਵਿਚਲੀ ਜਿਸ ਨਕਾਰਾਤਮਿਕਤਾ 'ਤੇ ਪੰਜਕੋਹਾ ਨੇ ਉਂਗਲ ਧਰੀ ਹੈ ਉਸ ਦੀ ਲੋੜੀਂਦੀ ਵਿਆਖਿਆ ਪੰਜਕੋਹਾ ਨੇ ਆਪਣੀ ਪੇਸ਼ਲਫ਼ਜ਼ੀ ਵਿਚ ਵੀ ਕਰ ਦਿੱਤੀ ਹੈ। ਪਰ ਨਾਵਲ ਪੜ੍ਹ ਕੇ ਤਾਂ ਇਸ ਦੀਆਂ ਸਾਰੀਆਂ ਪਰਤਾਂ ਬੜੇ ਦਿਲਚਸਪ ਅੰਦਾਜ਼ 'ਚ ਖੁੱਲ੍ਹ ਜਾਂਦੀਆਂ ਹਨ। ਪੰਜਕੋਹਾ ਦਾ ਆਖਣਾ ਹੈ ਕਿ ਹੁਣ ਵਕਤ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਹਰ ਖੇਤਰ ਵਿਚ ਔਰਤ ਨੂੰ ਜਦ ਮੌਕਾ ਦਿੱਤਾ ਗਿਆ ਉਹ ਸਿਖ਼ਰ ਉੱਤੇ ਪੁੱਜੀ ਹੈ। ਪਰ ਖੇਦ ਵਾਲੀ ਗੱਲ ਇਹ ਹੈ ਕਿ ਔਰਤਾਂ ਦਾ ਸ਼ੋਸ਼ਣ ਤੇ ਉਨ੍ਹਾਂ ਦੀ ਜਾਨਵਰਾਂ ਵਾਂਗ ਵਿਕਰੀ ਅੱਜ ਵੀ ਜਾਰੀ ਹੈ। ਬਸ ਸ਼ੋਸ਼ਣ ਕਰਨ ਦੇ ਤਰੀਕੇ ਬਦਲ ਦਿੱਤੇ ਗਏ ਹਨ। ਮਰਦਾਂ ਦੀ ਸੋਚ ਉਹੋ ਹੈ ਜੋ ਸਦੀਆਂ ਪਹਿਲਾਂ ਹੋਇਆ ਕਰਦੀ ਸੀ ਤੇ ਸ਼ਾਇਦ ਰਹੇ ਵੀ।... ਜਿਨ੍ਹਾਂ ਔਰਤਾਂ ਨੂੰ ਕੋਈ ਚੰਗਾ ਮੌਕਾ ਨਹੀਂ ਮਿਲਦਾ ਉਹ ਇਸ ਧੰਦੇ 'ਚੋਂ ਨਹੀਂ ਨਿਕਲ ਸਕਦੀਆਂ। ਅਜਿਹੀ ਸਥਿਤੀ ਵਿਚ ਫਸੀਆਂ ਬੱਚੀਆਂ ਤਰਸ ਦਾ ਪਾਤਰ ਬਣ ਕੇ ਰਹਿ ਗਈਆਂ ਹਨ ਤੇ ਵੇਸਵਾ ਦੇ ਟੋਕਨ ਵੱਖ! ਉਥੇ ਉਹ ਇਸੇ ਦਲਦਲ ਵਿਚ ਵਿਚਾਰੀਆਂ ਡੁੱਬੀਆਂ ਰਹਿੰਦੀਆਂ ਹਨ। ਬਹੁਤਾ ਕਰਕੇ ਕਮਲ, ਟਰੀਨਾ ਤੇ ਸਿਸਲੀ ਨਾਂਅ ਦੇ ਪਾਤਰਾਂ ਰਾਹੀਂ ਨਿਭਾਏ ਗਏ ਇਸ ਨਾਵਲ ਦੇ ਥੀਮਕ ਪਾਸਾਰ ਵਿਚੋਂ ਮੋਟੇ ਤੌਰ 'ਤੇ ਜਿਹੜੇ ਨੁਕਤੇ ਉੱਭਰ ਕੇ ਸਾਹਮਣੇ ਆਉਂਦੇ ਹਨ ਉਹ ਇਹ ਹਨ:-
-ਸਮਾਜ ਔਰਤ ਨੂੰ ਦਲਦਲ ਵਿਚ ਖਿੱਚ ਕੇ, ਦੋਗਲਾ ਬਣ ਕੇ ਉਸ ਨੂੰ ਨਿੰਦਦਾ ਹੈ।
-ਪੱਛਮ ਵਿਚ ਚੰਗੇ ਆਦਮੀ ਦੀ ਭਾਲ ਵਿਚ ਵੀ ਔਰਤਾਂ ਸਰੀਰਕ ਸ਼ੋਸ਼ਣ ਕਰਵਾਉਂਦੀਆਂ ਰਹਿੰਦੀਆਂ ਹਨ।
ਦਰਅਸਲ ਗ. ਸ. ਨਕਸ਼ਦੀਪ ਪੰਜਕੋਹਾ ਮਨੁੱਖ ਦੀ ਮਾਨਸਿਕਤਾ ਨੂੰ ਸਮਝ ਕੇ ਨਾਵਲ ਲਿਖਣ ਵਾਲਾ ਨਾਵਲਕਾਰ ਹੈ। ਉਹ ਮਨੁੱਖ ਭਾਵੇਂ ਦੇਸ਼ ਵਿਚ ਵਸਦਾ ਹੋਵੇ ਜਾਂ ਪਰਦੇਸ ਵਿਚ। ਪੰਜਕੋਹਾ ਦੀ ਗਲਪਕਾਰੀ 'ਚ ਕਲਪਿਤ ਤੇ ਸੰਕਲਪਿਤ ਪੱਖਾਂ ਦਾ ਸੁਚੱਜਾ ਸੰਯੋਗ ਮਿਲਦਾ ਹੈ ਜਿਸ ਦਾ ਅਸਰ ਪਾਠਕ ਦੇ ਮਨ 'ਤੇ ਚਿਰ ਸਥਾਈ ਹੋ ਨਿਬੜਦਾ ਹੈ। ਬਿਨਾਂ ਸ਼ੱਕ 16 ਕਾਂਡਾਂ ਤੇ ਦੋ ਭਾਗਾਂ ਵਿਚ ਸੰਪੂਰਨ ਹੋਇਆ ਗ. ਸ. ਨਕਸ਼ਦੀਪ ਪੰਜਕੋਹਾ ਦਾ ਬਾਹਰਵਾਂ ਨਾਵਲ 'ਦਲਦਲ ਦੇ ਫੁੱਲ' ਆਪਣੇ ਨਿਵੇਕਲੇ ਵਿਸ਼ੇ ਤੇ ਦਿਲਚਸਪ ਗਲਪ ਸ਼ੈਲੀ ਸਦਕਾ ਇਕਾਗਰਚਿਤ ਹੋ ਕੇ ਅਧਿਐਨਯੋਗ ਹੈ। ਅਮਰੀਕਾ ਵਸਦਾ ਸਾਡਾ ਇਹ ਪੰਜਾਬੀ ਨਾਵਲਕਾਰ ਲਗਾਤਾਰ ਪੰਜਾਬੀ ਨਾਵਲ ਦੀ ਅਮੀਰੀ ਵਿਚ ਵਾਧਾ ਕਰਦਾ ਰਹਿੰਦਾ ਹੈ।
-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287
ਬੁੱਲ੍ਹ ਸੀਤਿਆਂ ਸਰਨਾ ਨਈਂ
ਲੇਖਕ : ਪ੍ਰੋ. ਜਸਵੰਤ ਸਿੰਘ ਗੰਡਮ
ਪ੍ਰਕਾਸ਼ਕ : ਪੰਜਾਬੀ ਵਿਰਸਾ ਟਰੱਸਟ, ਫਗਵਾੜਾ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 98766-55055
ਜਸਵੰਤ ਸਿੰਘ ਗੰਡਮ ਪੁਰਾਣਾ ਕਲਮਕਾਰ ਹੈ ਜੋ ਕਾਫ਼ੀ ਸਮਾਂ ਅਧਿਆਪਨ ਨਾਲ ਜੁੜਿਆ ਰਿਹਾ ਹੈ। ਜ਼ਿੰਦਗੀ ਦੇ ਅਨੁਭਵ ਨੂੰ ਉਹ ਹੁਣ ਤਕ ਤਿੰਨ ਵਾਰਤਕ ਦੀਆਂ ਪੁਸਤਕਾਂ ਵਿਚ ਦਰਜ ਕਰ ਚੁੱਕਾ ਹੈ। ਭਾਵੇਂ ਕਵਿਤਾ ਵੀ ਉਸ ਦੇ ਨਾਲ-ਨਾਲ ਤੁਰਦੀ ਰਹੀ ਹੈ ਪਰ 'ਬੁੱਲ੍ਹ ਸੀਤਿਆਂ ਸਰਨਾ ਨਈਂ' ਰਾਹੀਂ ਉਹ ਪਹਿਲੀ ਵਾਰ ਬਤੌਰ ਕਵੀ ਪੇਸ਼ ਹੋ ਰਿਹਾ ਹੈ। ਉਪਰੋਕਤ ਕਾਵਿ-ਸੰਗ੍ਰਹਿ ਵਿਚ ਗੰਡਮ ਦੀਆਂ ਛੋਟੀਆਂ-ਵੱਡੀਆਂ ਕਵਿਤਾਵਾਂ, ਵਿਅੰਗ, ਦੋਹੇ ਤੇ ਟੱਪੇ ਸ਼ਾਮਿਲ ਕੀਤੇ ਮਿਲਦੇ ਹਨ। ਇਨ੍ਹਾਂ ਰਚਨਾਵਾਂ ਦੇ ਵਿਸ਼ੇ ਬਹੁ-ਭਾਂਤੀ ਤੇ ਲੋਕ-ਮਾਨਸਿਕਤਾ ਨਾਲ ਜੁੜੇ ਹੋਏ ਹਨ। ਇਸ ਕਾਵਿ-ਸੰਗ੍ਰਹਿ ਵਿਚ ਗੰਡਮ ਦੀਆਂ ਬਹੁਤੀਆਂ ਕਵਿਤਾਵਾਂ ਦਾ ਸੰਦੇਸ਼ ਮਨੁੱਖੀ ਜੀਵਨ ਵਿਚ ਸੰਘਰਸ਼ ਦੀ ਮਹੱਤਤਾ ਹੈ। ਪਿਆਰ-ਦੁਲਾਰ, ਸਮਾਜਿਕ ਮੰਜ਼ਰਕਸ਼ੀ ਤੇ ਉਪਦੇਸ਼ਕ ਪ੍ਰਵਚਨਾਂ ਦੇ ਨਾਲ ਨਾਲ ਗੰਡਮ ਨੇ ਕਿਸਾਨ ਸੰਘਰਸ਼ ਦੇ ਆਧਾਰਤ ਰਚਨਾਵਾਂ ਨੂੰ ਬਰਾਬਰ ਜਗ੍ਹਾ ਦਿੱਤੀ ਹੈ। ਲੇਖਕ ਦੀ ਵਿਅੰਗਕਾਰ ਦੇ ਤੌਰ 'ਤੇ ਪਹਿਲਾਂ ਹੀ ਪਹਿਚਾਣ ਹੈ ਤੇ ਇਸ ਕਾਵਿ-ਸੰਗ੍ਰਹਿ ਵਿਚ ਵੀ ਉਸ ਦੀਆਂ ਵਿਅੰਗ ਆਧਾਰਤ ਰਚਨਾਵਾਂ ਪੜ੍ਹਨ ਨੂੰ ਮਿਲਦੀਆਂ ਹਨ। ਇਨ੍ਹਾਂ ਵਿਚ ਉਸ ਨੇ ਅੰਗ੍ਰੇਜ਼ੀ ਸ਼ਬਦਾਂ ਦਾ ਵੀ ਪ੍ਰਯੋਗ ਕੀਤਾ ਹੈ। ਪਹਿਲਾ ਕਾਵਿ-ਸੰਗ੍ਰਹਿ ਹੋਣ ਕਾਰਨ ਇਹ ਕਵਿਤਾਵਾਂ ਸ਼ਾਇਰ ਦੇ ਬੀਤੇ ਦੀਆਂ ਦਸਤਾਵੇਜ਼ ਮਾਲੂਮ ਹੁੰਦੀਆਂ ਹਨ। ਪਹਿਲੇ ਪੰਨਿਆਂ 'ਤੇ ਕਿਸਾਨ ਸੰਘਰਸ਼ ਨੂੰ ਸਮਰਪਿਤ ਰਚਨਾਵਾਂ ਹਨ ਤੇ ਪਿਛਲੇ ਹਿੱਸੇ ਵਿਚ ਵਿਅੰਗ, ਦੋਹੇ ਤੇ ਟੱਪੇ ਵੀ ਪ੍ਰਕਾਸ਼ਤ ਕੀਤੇ ਗਏ ਹਨ। ਕੁੱਝ ਕਵਿਤਾਵਾਂ ਨੂੰ ਗ਼ਜ਼ਲ ਦੇ ਚੌਖਟੇ ਵਿਚ ਢਾਲਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਗ਼ਜ਼ਲ ਦਾ ਅੰਦਾਜ਼ ਅਲਹਿਦਾ ਹੁੰਦਾ ਹੈ। ਇਸ ਲਈ ਅਧਿਐਨ ਤੇ ਅਭਿਆਸ ਦੀ ਨਿਰੰਤਰ ਜ਼ਰੂਰਤ ਪੈਂਦੀ ਹੈ। ਸ਼ਾਇਰ ਲਈ ਇਹ ਪੁਸਤਕ ਇਸ ਲਈ ਵੀ ਮਹੱਤਵਪੂਰਨ ਕਿ ਇਸ ਵਿਚ ਉਸ ਨੇ ਵੱਖ ਵੱਖ ਸਮੇਂ 'ਤੇ ਲਿਖੀਆਂ ਰਚਨਾਵਾਂ ਨੂੰ ਜ਼ਾਇਆ ਹੋਣ ਤੋਂ ਬਚਾ ਲਿਆ ਹੈ। ਇਸ ਪੁਸਤਕ ਦਾ ਛਪਣਾ ਗੰਡਮ ਨੂੰ ਕਵਿਤਾ ਨਾਲ ਹੋਰ ਸ਼ਿੱਦਤ ਨਾਲ ਜੋੜ ਸਕਦਾ ਹੈ। ਵੰਨ-ਸੁਵੰਨਤਾ ਵਾਲੇ ਇਸ ਕਾਵਿ-ਸੰਗ੍ਰਹਿ ਵਿਚ ਜ਼ਿੰਦਗੀ ਦਾ ਹਰ ਰੰਗ ਸ਼ਾਮਿਲ ਹੈ, ਜਿਨ੍ਹਾਂ ਦਾ ਤੁਅੱਲਕ ਮਨੁੱਖੀ ਜੀਵਨ ਨਾਲ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਪਿਆਰ ਦਾ ਪਾਣੀ
ਲੇਖਿਕਾ : ਜਸਮੀਤ ਸੰਧੂ ਕਪੂਰੇ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 71
ਸੰਪਰਕ : 79731-35570
ਅਸਲੋਂ ਨਵੀਂ ਸ਼ਾਇਰਾ ਜਸਮੀਤ ਸੰਧੂ ਕਪੂਰੇ ਆਪਣੇ ਪਲੇਠੇ ਕਾਵਿ-ਸੰਗ੍ਰਹਿ 'ਪਿਆਰ ਦਾ ਪਾਣੀ' ਰਾਹੀਂ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਰਹੀ ਹੈ। ਸ਼ਾਇਰਾ ਦੇ ਕਾਵਿ-ਪ੍ਰਵਚਨ ਦੀ ਤੰਦ ਸੂਤਰ ਇਸ ਕਾਵਿ-ਸੰਗ੍ਰਹਿ ਦੇ ਨਾਂਅ 'ਪਿਆਰ ਦਾ ਪਾਣੀ' ਤੋਂ ਸਾਡੇ ਹੱਥ ਸਹਿਜੇ ਹੀ ਆ ਜਾਂਦੀ ਹੈ। ਸ਼ਾਇਰਾ ਨੇ ਪਾਣੀ ਦੇ ਮੈਟਾਫਰ ਰਾਹੀਂ ਮਨੁੱਖ ਦੇ ਆਦਿ ਜੁਗਾਦੀ ਜਜ਼ਬੇ ਮੁਹੱਬਤ ਨੂੰ ਕਵਿਤਾਇਆ ਹੈ। ਪਾਣੀ ਵਗਦਾ ਵੀ ਹੈ, ਤੱਤਾ ਠੰਢਾ ਵੀ ਹੁੰਦਾ ਹੈ, ਇਸ ਦੇ ਵਹਿਣ ਵਿਚ ਰੁਕਾਵਟਾਂ ਵੀ ਆਉਂਦੀਆਂ ਹਨ ਤੇ ਹੱਦ ਬੰਨੇ ਵੀ ਭੰਨ ਸੁੱਟਦਾ ਹੈ। ਪਾਣੀ ਦਾ ਸਭ ਤੋਂ ਮੀਰੀ ਗੁਣ ਹੈ ਪਿਆਸ ਬੁਝਾਉਣਾ। ਪਾਣੀ ਦਾ ਹੋਰ ਮੀਰੀ ਗੁਣ ਹੈ ਕਿ ਉਹ ਨਿਰਮਲਤਾ ਦਾ ਪੱਲਾ ਨਹੀਂ ਛੱਡਦਾ। ਇਹ ਸਾਰੇ ਗੁਣ ਮਨੁੱਖ ਦੇ ਆਦਿ ਜੁਗਾਦੀ ਜਜ਼ਬੇ ਮੁਹੱਬਤ ਵਿਚ ਵੀ ਆਉਂਦੇ ਹਨ ਤੇ ਇਸ ਦੇ ਰਸਤੇ ਵਿਚ ਸਮਾਜੀ ਵਰਜਣਾਵਾਂ ਵੀ ਆਉਂਦੀਆਂ ਹਨ। ਇਸ ਰਸਤੇ 'ਤੇ ਰੋਸੇ ਮੇਹਣੇ ਵਫ਼ਾ ਬੇਵਫ਼ਾ ਮੰਨ ਮਨਾਉਣੀਆਂ ਦੇ ਹੁੰਦਿਆਂ ਵੱਸਲ ਦੀ ਮੰਜ਼ਿਲ ਤੱਕ ਪਹੁੰਚਣ ਲਈ ਤਰੱਦਦ ਕਰਨਾ ਪੈਂਦਾ ਹੈ। ਭਾਵੇਂ ਇਕੋ ਵਿਸ਼ੇ ਨੂੰ ਇਕ ਪੂਰੀ ਕਿਤਾਬ ਵਿਚ ਨਿਭਾਉਣਾ ਬੜਾ ਕਠਿਨ ਕਾਰਜ ਹੁੰਦਾ ਹੈ ਪਰ ਇਸ ਸ਼ਾਇਰਾ ਨੇ ਇਹ ਬਾਖੂਬੀ ਕਰ ਦਿਖਾਇਆ ਹੈ। ਪੁਸਤਕ ਦੇ ਪਿੱਠਵਰਤਕ ਤੇ ਜੋ ਸ਼ਾਇਰਾ ਦੀ ਤਸਵੀਰ ਛਪੀ ਹੈ, ਉਸ ਤੋਂ ਅੰਦਾਜ਼ਾ ਲਗਦਾ ਹੈ ਕਿ ਉਹ ਕਿਸ਼ੋਰ ਅਵਸਥਾ ਪਾਰ ਕਰਦਿਆਂ ਜਵਾਨੀ ਦੀ ਦਹਿਲੀਜ਼ 'ਤੇ ਪੈਰ ਰੱਖ ਰਹੀ ਹੈ। ਇਹ ਉਹ ਉਮਰ ਹੁੰਦੀ ਹੈ ਜਦੋਂ ਮਨੁੱਖ ਅੰਦਰ ਪਹਾੜੀ ਨਦੀ ਦੇ ਵਹਿਣ ਵਰਮਾ ਤਰੰਗਤੀ ਜਜ਼ਬਾ ਹੁੰਦਾ ਹੈ। ਬਾਈਬਲ ਕਹਿੰਦੀ ਹੈ ਕਿ ਬੰਦਾ ਸਿਰਫ਼ ਰੋਟੀ 'ਤੇ ਹੀ ਨਹੀਂ ਜਿਊਂਦਾ। ਜਿਊਣ ਲਈ ਮੁਹੱਬਤ ਵੀ ਜ਼ਰੂਰੀ ਹੈ। ਬਕੌਲ ਮਿਰਜ਼ਾ ਗਾਲਿਬ 'ਗ਼ਾਲਿਬ ਯੇਹ ਵੋਹ ਆਤਿਸ਼ ਹੈ ਜੋ ਲਗਾਏ ਨਾ ਲਗੇ ਔਰ ਬੁਝਾਏ ਨਾ ਬੁੱਝੇ।' ਸ਼ਾਇਰਾ ਮੂੰਹ ਜ਼ੋਰ ਜਜ਼ਬੇ 'ਤੇ ਪਹਿਰਾ ਵੀ ਦਿੰਦੀ ਹੈ ਤੇ ਨਿਰਮਲਤਾ ਤੇ ਪਾਕੀਜ਼ਗੀ ਦਾ ਪੱਲਾ ਨਹੀਂ ਛੱਡਦੀ। ਸ਼ਾਇਰਾ ਤੇ ਸ਼ਿਵ, ਪਾਸ਼ ਤੇ ਇਮਰੋਜ਼ ਦਾ ਅਸਰ ਸਾਫ਼ ਦਿਖਾਈ ਦਿੰਦਾ ਹੈ ਤੇ ਥਾਂ-ਤਾਂ ਉਨ੍ਹਾਂ ਦਾ ਜ਼ਿਕਰ ਵੀ ਕਰਦੀ ਹੈ। ਉਹ ਅੰਮ੍ਰਿਤਾ ਤੇ ਇਮਰੋਜ਼ ਦੀ ਦੋਸਤੀ ਦਾ ਜ਼ਿਕਰ ਵੀ ਕਰਦੀ ਹੈ। ਇਮਰੋਜ਼ ਨੂੰ ਪਤਾ ਹੈ ਕਿ ਅੰਮ੍ਰਿਤਾ ਸਾਹਿਰ ਲੁਧਿਆਣਵੀ ਨੂੰ ਮੁਹੱਬਤ ਕਰਦੀ ਹੈ ਪਰ ਇਮਰੋਜ਼ ਫਿਰਾਕਦਿਲੀ ਨਾਲ ਇਸ ਜੋੜੀ ਦੀ ਮੁਹੱਬਤ ਨੂੰ ਤਲਸੀਮ ਕਰਦਾ ਹੈ। ਸ਼ਾਇਰਾ ਨਵੀਆਂ ਤਸ਼ਬੀਹਾਂ ਦੀ ਭਾਲ ਵਿਚ ਰਹਿੰਦੀ ਹੈ ਜਦੋਂ ਉਹ ਕਹਿੰਦੀ ਹੈ, 'ਉਸ ਦਾ ਹਾਸਾ ਰੁਮਕਦੀਆਂ ਪੌਣਾਂ ਵਰਗਾ ਹੈ ਅਤੇ ਫਿਰ ਕਹਿੰਦੀ ਹੈ।', 'ਗੁੰਦੀ ਗੁੱਤ ਤੇ ਬੂਟੀਆਂ ਵਾਲੇ ਸੂਟ 'ਚ ਉਹ ਕਮਾਲ ਲਗਦੀ ਹੈ, ਜਦੋਂ ਕੱਜ ਲੈਂਦੀ ਹੈ ਸਿਰ ਤਾਂ ਲਾਜਵਾਬ ਲਗਦੀ ਹੈ।' ਮਮਤਾ ਦੀ ਮੂਰਤ ਮਾਂ ਲਈ ਬੜੇ ਹੀ ਖ਼ੂਬਸੂਰਤ ਸ਼ਬਦ ਲਿਖੇ ਹਨ। ਸ਼ਾਇਰਾ ਦਾ ਇਹ ਪਲੇਠਾ ਕਾਵਿ-ਪਰਾਗਾ ਹੈ ਅਤੇ ਨਿਕਟ ਭਵਿੱਖ ਵਿਚ ਹੋਰ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਸ਼ਾਇਰੀ ਦੀ ਉਡੀਕ ਰਹੇਗੀ।
-ਭਗਵਾਨ ਢਿੱਲੋਂ
ਮੋਬਾਈਲ : 98143-78254
ਸਵੈ ਵਿਕਾਸ ਬਾਰੇ
ਲੇਖਕ : ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ ਬਰਨਾਲਾ
ਮੁੱਲ : 250 ਰੁਪਏ, ਸਫ਼ੇ : 176
ਸੰਪਰਕ : 01679-233244
ਇਸ ਪੁਸਤਕ ਦੇ ਲੇਖਕ ਨੇ ਅਨੇਕਾਂ ਪੁਸਤਕਾਂ ਪੰਜਾਬੀ ਸਾਹਿਤ ਜਗਤ ਨੂੰ ਅਰਪਣ ਕੀਤੀਆਂ ਹਨ। ਇਨ੍ਹਾਂ ਦੀਆਂ ਰਚਨਾਵਾਂ ਆਰਥਿਕਤਾ ਅਤੇ ਸਮਾਜਿਕ ਵਰਤਾਰੇ ਦੀਆਂ ਕਈ ਪਰਤਾਂ ਖੋਲ੍ਹਦੀਆਂ ਹਨ। ਇਸ ਪੂਰੀ ਪੁਸਤਕ ਵਿਚੋਂ ਸੱਚ, ਤਾਰਕਿਕਤਾ ਅਤੇ ਵਿਗਿਆਨਿਕਤਾ ਦੀ ਖੁਸ਼ਬੋ ਆਉਂਦੀ ਹੈ। ਸਮਾਜ ਦੇ ਲੋਕ ਇਨ੍ਹਾਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਮਿਹਨਤੀ, ਲਗਨਸ਼ੀਲ ਤੇ ਆਤਮ ਵਿਸ਼ਵਾਸੀ ਬਣਦੇ ਹਨ। ਵਿਸ਼ਵ ਦੇ ਸਾਰੇ ਦੇਸ਼ਾਂ ਵਿਚ ਵੱਖ-ਵੱਖ ਧਰਮਾਂ ਦਾ ਪਸਾਰ ਹੋਣ ਦੇ ਕਾਰਨ ਤਰਕਸ਼ੀਲਤਾ ਬਾਰੇ ਗੱਲ ਕਰਨੀ ਕਿਸੇ ਵਿਰਲੇ ਮਨੁੱਖ ਦੇ ਹਿੱਸੇ ਆਉਂਦੀ ਹੈ। ਲੇਖਕ ਤਰਕਸ਼ੀਲ ਵਿਚਾਰਧਾਰਾ ਦਾ ਮੁਦੱਈ ਹੈ। ਆਪਣੀ ਸਖ਼ਤ ਮਿਹਨਤ ਦੇ ਸਦਕਾ ਉਹ ਇਕ ਮਜ਼ਦੂਰ ਤੋਂ ਅਰਬਪਤੀ ਇਨਵੈਸਟਰ ਬਣ ਜਾਂਦਾ ਹੈ। ਉਹ ਇਸ ਗੱਲ ਦਾ ਹੰਕਾਰ ਨਹੀਂ ਕਰਦਾ ਸਗੋਂ ਉਥੇ ਰਹਿੰਦੇ ਲੋਕਾਂ ਨੂੰ ਸਫ਼ਲ ਹੋਣ ਲਈ ਮੁਫ਼ਤ ਦੀ ਸਲਾਹ ਦਿੰਦਾ ਹੈ। ਉਥੋਂ ਦੇ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਘਰਾਂ ਵਿਚ ਸਲਾਬ ਦੀ ਸਮੱਸਿਆ ਨਾਲ ਨਜਿੱਠਣ ਲਈ ਉਸ ਨੇ ਕਈ ਲੇਖ ਲਿਖੇ ਹਨ। ਇਸ ਦੇਸ਼ ਦੇ ਕਈ ਲੋਕ ਨਵੇਂ ਬਣੇ ਕਾਨੂੰਨਾਂ ਕਰਕੇ ਘਰੋਂ ਬੇਘਰ ਹਨ। ਸਰਕਾਰ ਨੇ ਘਰਾਂ ਦੀ ਇਨਵੈਸਟਮੈਂਟ ਦੇ ਕਾਨੂੰਨਾਂ ਵਿਚ ਬਦਲਾਓ ਕਰ ਦਿੱਤਾ ਹੈ। ਘਰਾਂ ਦੀਆਂ ਕੀਮਤਾਂ ਅਤੇ ਵਧਦੇ ਕਿਰਾਏ ਵਿਚ ਇਨਵੈਸਟਰਾਂ 'ਤੇ ਇਲਜ਼ਾਮ ਲਗਾਏ ਜਾਂਦੇ ਹਨ। ਲੇਖਕ ਖ਼ੁਦ ਇਕ ਇਨਵੈਸਟਰ ਹੋਣ ਕਾਰਨ ਉਨ੍ਹਾਂ ਦੀਆਂ ਗੁੰਝਲਦਾਰ ਸਮੱਸਿਆਵਾਂ ਪ੍ਰਤੀ ਲੋਕਾਂ ਨੂੰ ਜਾਗ੍ਰਿਤ ਕਰਦਾ ਹੈ। ਨਿਊਜ਼ੀਲੈਂਡ ਵਿਚ ਪੜ੍ਹਨ ਅਤੇ ਕਾਰੋਬਾਰ ਲਈ ਆ ਰਹੇ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹਨ। ਇਨ੍ਹਾਂ ਨੂੰ ਪੜ੍ਹਾਈ ਅਤੇ ਰਿਹਾਇਸ਼ ਦਾ ਖਰਚ ਖ਼ੁਦ ਉਠਾਉਣਾ ਪੈਂਦਾ ਹੈ। ਮਾਤਾ-ਪਿਤਾ ਦੇ ਸਿਰ ਚੜ੍ਹਿਆ ਕਰਜ਼ਾ ਉਨ੍ਹਾਂ ਨੂੰ ਡਰਾਉਂਦਾ ਹੈ। ਉਨ੍ਹਾਂ ਨੂੰ ਇਮੀਗ੍ਰੇਸ਼ਨ ਦਾ ਡਰ ਵੀ ਹਮੇਸ਼ਾ ਬਣਿਆ ਰਹਿੰਦਾ ਹੈ। ਵਿਦਿਆਰਥੀਆਂ ਨੂੰ ਕੇਵਲ 20 ਘੰਟੇ ਕੰਮ ਕਰਨ ਦੀ ਇਜਾਜ਼ਤ ਹੁੰਦੀ ਹੈ। ਏਨੇ ਘੱਟ ਸਮੇਂ ਕੰਮ ਕਰਨ ਨਾਲ ਵਿਦਿਆਰਥੀਆਂ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਹੁੰਦਾ ਹੈ। ਇਸ ਪੁਸਤਕ ਦੇ ਜ਼ਿਆਦਾਤਰ ਲੇਖਾਂ ਵਿਚ ਘਰਾਂ ਦੀ ਡਿਗਦੀ ਮਾਰਕੀਟ ਦੀ ਗੱਲ ਤੁਰਦੀ ਹੈ। ਘਰਾਂ ਦੀ ਕੀਮਤ ਉੱਪਰ ਜਾਂ ਥੱਲੇ ਕਿਵੇਂ ਹੁੰਦੀ ਹੈ। ਇਥੋਂ ਦੇ ਵਾਸੀ ਲੋਕਾਂ ਨੂੰ ਘਰਾਂ ਦੀ ਖਰੀਦ ਕਦੋਂ ਕਰਨੀ ਚਾਹੀਦੀ ਹੈ। ਸੇਲਾਂ ਦੇ ਸਮੇਂ ਘਰ ਦੀ ਖ਼ਰੀਦ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ। ਪੁਸਤਕ ਦਾ ਮੁਲਾਂਕਣ ਕਰਨ 'ਤੇ ਗਿਆਨ ਹੁੰਦਾ ਹੈ ਕਿ ਮਨੁੱਖੀ ਮਨ ਮਾਨਸਿਕ ਡਰ ਤੋਂ ਮੁਕਤ ਹੋਣਾ ਚਾਹੀਦਾ। ਇਸ ਤਰ੍ਹਾਂ ਉਹ ਸੁਤੰਤਰ ਹੋ ਜਾਂਦਾ ਹੈ। ਉਸ ਨੂੰ ਅੰਧ-ਵਿਸ਼ਵਾਸਾਂ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ। ਇਸ ਪੁਸਤਕ ਦਾ ਅੰਤਲਾ ਲੇਖ ਨਿਊਜ਼ੀਲੈਂਡ ਜਾਣ ਵਾਲੇ ਪੰਜਾਬੀ ਲੋਕਾਂ ਲਈ ਨਸੀਹਤ ਅਤੇ ਟਰੈਵਲ ਏਜੰਟਾਂ ਵਲੋਂ ਮਾਰੀਆਂ ਜਾਂਦੀਆਂ ਠੱਗੀਆਂ ਦਾ ਕਾਲਾ ਚਿੱਠਾ ਪੇਸ਼ ਕਰਦਾ ਹੈ। ਇਹ ਪੁਸਤਕ ਨਿਊਜ਼ੀਲੈਂਡ ਵਿਚ ਪੈਰ ਰੱਖਣ ਵਾਲੇ ਵਿਦਿਆਰਥੀਆਂ ਲਈ ਗਾਈਡ ਦਾ ਕੰਮ ਕਰਦੀ ਹੈ। ਸਮਾਜ ਦੇ ਲੋੜਵੰਦ ਲੋਕਾਂ ਨੂੰ ਦੇਸ਼ ਪ੍ਰਤੀ ਜਾਣਕਾਰੀ ਦੇਣ ਲਈ ਲੇਖਕ ਵਧਾਈ ਦੇ ਹੱਕਦਾਰ ਹਨ।
-ਡਾ. ਅਮਰਜੀਤ ਸਿੰਘ ਗਿੱਲ
ਮੋਬਾਈਲ : 98553-88572
ਪਵਨ ਹਰਚੰਦਪੁਰੀ
ਰਚਿਤ ਮਹਾਂਕਾਵਿ
ਜਨਮ-ਏ-ਖ਼ਾਲਸਾ ਦਾ ਬਹੁਪੱਖੀ ਅਧਿਐਨ
ਅਧਿਐਨਕਾਰ : ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਵਾਸੂ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਮੁੱਲ : 300 ਰੁਪਏ, ਸਫ਼ੇ : 175
ਸੰਪਰਕ : 90563-60763
ਹਥਲੀ ਪੁਸਤਕ ਪ੍ਰਸਿੱਧ ਸਾਹਿਤਕਾਰ ਅਤੇ ਸਾਹਿਤਕਰਮੀ ਸ੍ਰੀ ਪਵਨ ਹਰਚੰਦਪੁਰੀ ਦਾ ਸਿਰਜਿਤ ਹੈ। ਇਹ ਇਕ ਮਹਾਂਕਾਵਿ ਹੈ ਜੋ ਕਿ ਸਿੱਖ ਧਰਮ ਸੰਬੰਧੀ ਬਹੁਤ ਸਾਰੀ ਜਾਣਕਾਰੀ ਸਾਂਭੀ ਬੈਠਾ ਹੈ। ਇਹ ਇਤਿਹਾਸਕ ਮਹਾਂਕਾਵਿ ਪਹਿਲੀ ਵਾਰ 2006 ਵਿਚ ਪ੍ਰਕਾਸ਼ਿਤ ਹੋਇਆ ਅਤੇ ਫਿਰ 2008 ਅਤੇ 2021 ਵਿਚ ਦੁਬਾਰਾ ਤੀਜਾ ਐਡੀਸ਼ਨ ਛਪਿਆ ਸੀ। ਪਵਨ ਹਰਚੰਦਪੁਰੀ ਇਸ ਪੁਸਤਕ ਤੋਂ ਪਹਿਲਾਂ 12 ਪੁਸਤਕਾਂ ਦੀ ਸਿਰਜਣਾ ਕਰ ਚੁੱਕਾ ਹੈ। ਉਸ ਨੇ ਸਿੱਖ ਧਰਮ ਸੰਬੰਧੀ ਹੋਰ ਵੀ ਗਹਿਨ ਅਧਿਐਨ ਕੀਤਾ ਹੈ ਅਤੇ 'ਜਬ ਲਗ ਖ਼ਾਲਸਾ ਰਹੇ ਨਿਆਰਾ', 'ਸਿੱਖ ਧਰਮ ਦੀ ਵਿਲੱਖਣਤਾ', 'ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ', 'ਗੁਰਮਤਿ ਤੇ ਸੂਫ਼ੀ ਕਾਵਿ ਵਿਚ ਮਨੁੱਖ ਦਾ ਸੰਕਲਪ', 'ਮਨੁੱਖਤਾ ਦਾ ਵਾਰਸ ਗੁਰੂ ਤੇਗ ਬਹਾਦਰ' ਅਤੇ 'ਗੁਰਮਤਿ ਸੰਪੂਰਨ ਜੀਵਨ ਦਾ ਮਾਰਗ' ਲਿਖ ਕੇ ਸਿੱਖ ਸਿਧਾਂਤਾਂ ਦਾ ਵਿਦਵਾਨ ਹੋਣ ਦਾ ਸਬੂਤ ਪੇਸ਼ ਕਰ ਚੁੱਕਾ ਹੈ। ਇਹ ਸਾਰੀ ਪੁਸਤਕ ਏਸੇ ਪੁਸਤਕ ਉੱਤੇ ਫੋਕਸ ਹੈ। ਪ੍ਰਿੰਸੀਪਲ ਇੰਦਰਜੀਤ ਸਿੰਘ ਵਾਸੂ ਨੇ ਬੜੀ ਵਿਦਵਤਾ ਭਰਪੂਰ ਸ਼ੈਲੀ ਵਿਚ ਇਸ ਮਹਾਂਕਾਵਿ ਦਾ ਸਾਹਿਤਕ ਸਰਵੇਖਣ ਕੀਤਾ ਹੈ। ਪ੍ਰਿੰਸੀਪਲ ਸਾਹਿਬ ਨੇ 8 ਖੰਡਾਂ ਜਾਂ ਅਧਿਆਵਾਂ ਵਿਚ ਵੰਡ ਕੇ ਪੇਸ਼ ਕੀਤਾ। ਜਿਨ੍ਹਾਂ ਦਾ ਇੰਦਰਾਜ ਇਸ ਤਰ੍ਹਾਂ ਹੈ : ਅਧਿਆਇ 1. ਪਵਨ ਹਰਚੰਦ ਪੁਰੀ ਜੀਵਨ ਤੇ ਰਚਨਾ, 2. ਮਹਾਂ ਕਾਵਿ ਜਨਮ-ਏ-ਖ਼ਾਲਸਾ ਇਕ ਸਰਵੇਖਣ, 3. ਸੰਪੂਰਨ ਜੀਵਨ ਮਾਰਗ ਦੇ ਪੱਖ ਤੋਂ ਮਹਾਂ ਕਾਵਿ, 4. ਮਹਾਂਕਾਵਿ ਵਿਚ ਖ਼ਾਲਸੇ ਦਾ ਸੰਕਲਪ, 5. ਮਹਾਂਕਾਵਿ ਦਾ ਇਤਿਹਾਸਕ ਅਧਿਐਨ, 6. ਨਵੇਂ ਸੱਭਿਆਚਾਰ ਦੀ ਸਥਾਪਨਾ, 7. ਮਹਾਂਕਾਵਿ ਦੀ ਕਾਵਿ-ਸ਼ੈਲੀ, 8. ਅਜੋਕੇ ਯੁੱਗ ਵਿਚ ਮਹਾਂਕਾਵਿ ਦੀ ਪ੍ਰਸੰਗਿਤਾ। ਇਸ ਤਰ੍ਹਾਂ ਇਸ ਮਹਾਂਕਾਵਿ ਦੇ ਅਧਿਐਨ ਦੀਆਂ ਹਰ ਕੋਨੇ ਤੋਂ ਨਿੱਠ ਕੇ ਵਿਚਾਰਾਂ ਕੀਤੀਆਂ ਗਈਆਂ ਹਨ। ਬਕੌਲ ਮਹਾਂਕਾਵਿ ਸਿਰਜਕ ਪਵਨ ਹਰਚੰਦਪੁਰੀ ਲਿਖਦੇ ਹਨ ਕਿ ਇਹ ਪੁਸਤਕ ਉਨ੍ਹਾਂ ਨੇ ਸੱਤ ਸਾਲ ਵਿਚ ਪੂਰੀ ਮਿਹਨਤ ਤੇ ਲਗਨ ਨਾਲ ਪੂਰੀ ਕੀਤੀ ਹੈ। ਇਹ ਅਧਿਐਨ ਵਾਕਈ ਕਿਸੇ ਪੀ.ਐਚ.ਡੀ. ਦੇ ਥੀਸਿਸ ਤੋਂ ਉੱਪਰ ਹੈ। ਜੇਕਰ ਸ਼ਬਦੀ ਵਿਸਤਾਰ ਦੀ ਗੱਲ ਕੀਤੀ ਜਾਵੇ ਤਾਂ ਪਵਨ ਦਾ ਮਹਾਂਕਾਵਿ 157 ਸਫ਼ਿਆਂ ਦਾ ਸੀ ਪਰ ਜੋ ਇਸ ਉੱਤੇ ਪ੍ਰਿੰਸੀਪਲ ਇੰਦਰਜੀਤ ਸਿੰਘ ਵਾਸੂ ਜੀ ਦੀ ਪੁਸਤਕ ਹੈ ਉਹ 186 ਸਫ਼ਿਆਂ ਵਿਚ ਹੈ। ਪਵਨ ਜੀ ਦਾ ਮਹਾਂਕਾਵਿ ਸਾਰੇ ਦਾ ਸਾਰਾ ਵਾਰਸ ਸ਼ਾਹ ਦੀ ਹੀਰ ਦੇ ਬੈਂਤ ਵਾਲਾ ਹੈ ਜੋ ਕਿ ਪੂਰਨ ਤੌਰ ਉੱਤੇ ਨਿਭਾਇਆ ਗਿਆ ਹੈ ਜਿਵੇਂ :
ਨਿਰਮਲ ਪੰਥ ਦੀ ਨਾਨਕ ਨੇ ਨੀਂਹ ਰੱਖੀ,
ਬੁੱਧੀ ਲੋਕਾਂ ਦੀ ਸ਼ੁੱਧ ਬਣਾਉਣ ਦੇ ਲਈ,
ਕੀ ਹੈ ਧਰਮ ਤੇ ਕੀ ਨੇ ਕਰਮ ਸਾਡੇ
ਲੋਕਾਂ ਤਾਈਂ ਇਹ ਸਭ ਸਮਝਾਉਣ ਦੇ ਲਈ,
ਪ੍ਰਿੰਸੀਪਲ ਇੰਦਰਜੀਤ ਸਿੰਘ ਵਾਸੂ ਜੀ ਨੇ ਪਵਨ ਹਰਚੰਦਪੁਰੀ ਦੇ ਮਹਾਂਕਾਵਿ ਵਿਚੋਂ ਅਨੇਕਾਂ ਕੀਮਤੀ ਟੂਕਾਂ ਦੇ ਕੇ ਇਸ ਵਿਲੱਖਣ ਕੌਮ ਦਾ ਬਿਰਤਾਂਤ ਸੰਪੂਰਨ ਕੀਤਾ ਹੈ। ਪੁਸਤਕ ਸਾਂਭਣਯੋਗ ਅਤੇ ਸਿੱਖ ਧਰਮ ਦੇ ਅਨੂਠੇ ਮਾਰਗਾਂ ਦੀ ਰੌਸ਼ਨੀ ਪ੍ਰਾਪਤ ਕਰਨ ਹਿਤ ਇਕ ਕੀਮਤੀ ਪੁਸਤਕ ਦਾ ਸੁਆਗਤ ਹੈ।
ਰਾਜਿਆ ਰਾਜ ਕਰੇਂਦਿਆ
ਕਵੀ : ਰਾਜਿੰਦਰ ਸਿੰਘ ਰਾਜਨ
ਪ੍ਰਕਾਸ਼ਕ : ਪੁਲਾਂਘ ਪ੍ਰਕਾਸ਼ਨ ਬਰਨਾਲਾ
ਮੁੱਲ : 225 ਰੁਪਏ, ਸਫ਼ੇ : 135
ਸੰਪਰਕ : 98761-84954
ਰਾਜਿੰਦਰ ਸਿੰਘ ਰਾਜਨ ਕਵਿਤਾ ਦਾ ਮਿੱਠਾ ਤੇ ਭਰ ਵਗਦਾ ਦਰਿਆ ਹੈ। ਉਹ ਬਿਨਾਂ ਰੌਲੇ ਰੱਪੇ ਤੋਂ ਚੁੱਪ-ਚਾਪ ਤੇ ਸਹਿਜਧਾਰਾ ਵਿਚ ਰਹਿ ਕੇ ਕਾਵਿ ਰਚਨਾ ਕਰਦਾ ਰਹਿੰਦਾ ਹੈ। ਉਸ ਨੇ ਹੁਣ ਤੱਕ 'ਅਜੇ ਅਸੀਂ ਹੋਏ ਨਾ ਆਜ਼ਾਦ' ਕਾਵਿ-ਸੰਗ੍ਰਹਿ, 'ਘੋਰ ਕੰਡੇ ਚੂਹੇ ਲੰਡੇ' (ਬਾਲ ਕਵਿਤਾਵਾਂ), 'ਏਕੇ ਦੇ ਚਿਰਾਗ' (ਸਾਂਝਾ ਕਾਵਿ ਸੰਗ੍ਰਹਿ), 'ਪੈਂਤੀ ਵਾਲਾ ਗੀਤ' (ਬਾਲਾਂ ਦੇ ਗੀਤ), 'ਖੇਤਾਂ ਦੇ ਪੁੱਤ ਜਾਗ ਪਏ' (ਸਾਂਝਾ ਕਾਵਿ ਸੰਗ੍ਰਹਿ), 'ਡਮਰੂ ਭਮੀਰੀਆਂ' (ਬਾਲ ਕਾਵਿ), 'ਹਵਾਵਾਂ ਦੇ ਉਲਟ' (ਕਾਵਿ-ਸੰਗ੍ਰਹਿ) ਪੁਸਤਕਾਂ ਪੰਜਾਬੀ ਪਾਠਕਾਂ ਨੂੰ ਦਿੱਤੀਆਂ ਹਨ। ਹਥਲੀ ਪੁਸਤਕ ਵਿਚ ਰਾਜਨ ਨੇ ਦੋਹੇ ਸਿਰਜੇ ਹਨ। ਦੋਹਾ ਕਾਵਿ ਉੱਤਰੀ ਭਾਰਤ ਵਿਚ ਬਹੁਤ ਪ੍ਰਸਿੱਧ ਰਿਹਾ ਹੈ। ਦੋਹਾ ਭਾਰਤ ਦੀਆਂ ਕਈ ਭਾਸ਼ਾਵਾਂ ਵਿਚ ਪਾਇਆ ਜਾਂਦਾ ਹੈ। ਦੋਹਾ ਦੋ ਸਤਰਾਂ ਦਾ ਕਾਵਿ ਹੈ। ਪਹਿਲਾਂ ਇਸ ਨੂੰ ਮਾਤ੍ਰਿਕ ਛੰਦ ਹੀ ਗਿਣਿਆ ਜਾਂਦਾ ਸੀ ਪਰ ਬਾਅਦ ਵਿਚ ਇਹ ਇਕ ਕਾਵਿ ਰੂਪ ਵਜੋਂ ਸਥਾਪਿਤ ਹੋਇਆ। ਇਸ ਦੀਆਂ ਹਰ ਚਰਨ ਵਿਚ 13+11=24 ਮਾਤਰਾਂ ਹੁੰਦੀਆਂ ਹਨ। ਮੱਧਕਾਲ ਵਿਚ ਕਈ ਕਿੱਸਾਕਾਰਾਂ ਨੇ ਪੂਰਾ ਕਿੱਸਾ ਹੀ ਦੋਹਿਆਂ ਵਿਚ ਪਰਿਪੂਰਨ ਕੀਤਾ। ਇਹ ਕੋਰਮ ਜੇਕਰ ਉਲਟਾ ਦਿੱਤਾ ਜਾਵੇ ਤਾਂ ਸੋਰਠਾ ਬਣ ਜਾਂਦਾ ਹੈ ਤੇ ਇਸ ਦੀਆਂ ਮਾਤਰਾਂ 11+13=24 ਹੋ ਜਾਂਦੀਆਂ ਹਨ। ਮਸ਼ਹੂਰ ਹੈ ਕਿ :
ਬਣ ਜਾਵੇਗਾ ਸੋਰਠਾ ਦੋਹਿਰਾ ਉਲਟਾਇਆਂ।
ਬਦਲ ਜਾਂਦੀ ਤਰਜ ਹੈ ਜੀ ਇਸ ਨੂੰ ਸਾਰਦਿਆਂ
ਦੋਹਰੇ ਜਾਂ ਦੋਹੇ ਦੇ ਅਖੀਰ ਵਿਚ ਇਕ ਲਘੂ ਜ਼ਰੂਰੀ ਹੈ ਜਿਵੇਂ:
ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ
ਇਸ ਦੀ ਇਕ ਸ਼ਰਤ ਇਹ ਵੀ ਹੈ ਕਿ ਇਸ ਦੇ ਤੁਕਾਂਗ ਉੱਤੇ S9S ਯਾਨਿ (ਗੁਰੂ ਲਘੂ ਗੁਰੂ) ਜ਼ਰੂਰੀ ਹੁੰਦਾ ਹੈ।
ਬਹੁਤ ਸਾਰੇ ਪ੍ਰਸਿੱਧ ਕਵੀਆਂ ਨੇ ਇਕ ਹੀ ਜਿਲਦ ਵਿਚ ਬਹੁਤੇ ਦੋਹੇ ਲਿਖ ਕੇ ਸੰਸਾਰ ਰਿਕਾਰਡ ਬਣਾਇਆ ਹੈ। ਸੁਲੱਖਣ ਸਰਹੱਦੀ ਨੇ ਆਪਣੀ ਪੁਸਤਕ 'ਸਰਹੱਦੀ ਦੋਹਾ ਸਾਗਰ' ਵਿਚ ਚਾਰ ਹਜ਼ਾਰ ਦੋਹੇ ਲਿਖ ਕੇ ਕੀਰਤੀਮਾਨ ਕਾਇਮ ਕੀਤਾ ਹੈ। ਕਵੀ ਰਾਜਨ ਨੇ ਵੀ ਹਥਲੀ ਪੁਸਤਕ ਵਿਚ 135 ਸਫ਼ਿਆਂ ਵਿਚ 1350 ਦੋਹੇ ਸਿਰਜੇ ਹਨ ਜੋ ਕਿ ਬਹੁਤ ਸਾਂਭਣਯੋਗ ਕਾਰਜ ਹੈ। ਉਸ ਨੇ 'ਰਾਜਿਆ ਰਾਜ ਕਰੇਂਦਿਆਂ' ਸਿਰਲੇਖ ਹੇਠ, 820 ਦੋਹੇ ਸਿਰਜੇ ਹਨ। ਉਸ ਨੇ ਹਰ ਦੋਹੇ ਦੇ ਪਹਿਲੇ ਅੱਧ ਵਿਚ ਰਾਜਿਆ ਰਾਜ ਕਰੇਂਦਿਆਂ ਲਿਖ ਕੇ ਹਰ ਦੋਹੇ ਦਾ ਆਗਾਜ਼ ਕੀਤਾ ਹੈ ਜਿਵੇਂ :
ਰਾਜਿਆ ਰਾਜ ਕਰੇਂਦਿਆ ਮਹਿਲਾਂ ਵਿਚੋਂ ਝਾਕ,
ਕੰਧਾਂ ਕਰੀਆਂ ਉੱਚੀਆਂ ਸੁਣੇ ਨਾ ਤੈਨੂੰ ਹਾਕ
ਰਾਜਿਆ ਰਾਜ ਕਰੇਂਦਿਆ ਅੱਖੀਂ ਵੇਖੀ ਹਾਲ
ਤਾਣਾ ਬੁਣਦੇ ਬੁਣਦਿਆਂ ਮਕੜੀ ਫਸਦੀ ਨਾਲ
ਏਸੇ ਤਰ੍ਹਾਂ ਉਸ ਨੇ ਵੱਖ-ਵੱਖ ਦੋਹਾ ਗੁਣਾਂ ਦੇ ਸਿਰਲੇਖ ਸਿਰਜੇ ਹਨ। ਜਿਵੇਂ : 'ਵੋਟਾਂ ਦੀ ਰੁੱਤ ਆ ਗਈ', 'ਆਖਾਂ ਵਾਰਸ ਸ਼ਾਹ ਨੂੰ', 'ਲੋਕਾਂ ਨੇ ਕੀ ਆਖਣਾ', 'ਮਾਂ ਬੋਲੀ ਪੰਜਾਬ ਦੀ' 'ਤੀਜੀ ਜਨਮ ਸ਼ਤਾਬਦੀ (ਵਾਰਸ ਸ਼ਾਹ ਨੂੰ)' ਰਾਜਨ ਨੇ 1350 ਦੋਹਿਆਂ ਵਿਚ ਨਵੀਂ ਚੇਤਨਾ ਅਤੇ ਨਵੀਂ ਉਮੰਗ ਪੈਦਾ ਕੀਤੀ ਹੈ। ਸਾਰੇ ਦੋਹਿਆਂ ਵਿਚ ਜਜ਼ਬਾਤ ਠਾਠਾਂ ਮਾਰਦਾ ਹੈ ਤੇ ਉਸ ਨੇ ਲੋਕਾਂ ਦੇ ਹਿਤ 'ਤੇ ਦਿਲ ਦੀ ਗੱਲ ਬੜੀ ਦਲੇਰੀ ਨਾਲ ਕੀਤੀ ਹੈ। ਇਹ ਦੋਹੇ ਮਾਨਣਯੋਗ ਤੇ ਸਿੱਖਿਆ ਦਾਇਕ ਹਨ ਜੋ ਕਿ ਵਕਤ ਦੀ ਹਿਕ ਉੱਤੇ ਉੱਕਰੇ ਹੋਏ ਹਨ।
-ਸੁਲੱਖਣ ਸਰਹੱਦੀ
ਮੋਬਾਈਲ : 94174-84337