JALANDHAR WEATHER

ਕਿਸਾਨਾਂ ਦੇ ਹਿੱਤਾਂ ਨਾਲ ਨਹੀਂ ਕਰਾਂਗਾ ਕੋਈ ਸਮਝੌਤਾ- ਪ੍ਰਧਾਨ ਮੰਤਰੀ

ਨਵੀਂ ਦਿੱਲੀ, 7 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਦੇ ਆਈ.ਸੀ.ਏ.ਆਰ. ਪੂਸਾ ਵਿਖੇ ਐਮ.ਐਸ. ਸਵਾਮੀਨਾਥਨ ਸ਼ਤਾਬਦੀ ਅੰਤਰਰਾਸ਼ਟਰੀ ਸੰਮੇਲਨ ਦਾ ਉਦਘਾਟਨ ਕੀਤਾ। ਇਸ ਸੰਮੇਲਨ ਦਾ ਵਿਸ਼ਾ ਸਦਾਬਹਾਰ ਕ੍ਰਾਂਤੀ, ਜੈਵਿਕ-ਖੁਸ਼ੀ ਦਾ ਮਾਰਗ, ਸਾਰਿਆਂ ਲਈ ਭੋਜਨ ਯਕੀਨੀ ਬਣਾਉਣ ਲਈ ਪ੍ਰੋਫੈਸਰ ਸਵਾਮੀਨਾਥਨ ਦੇ ਜੀਵਨ ਭਰ ਦੇ ਸਮਰਪਣ ਨੂੰ ਦਰਸਾਉਂਦਾ ਹੈ। ਇਸ ਮੌਕੇ ’ਤੇ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਵਰਗੀ ਐਮ.ਐਸ. ਸਵਾਮੀਨਾਥਨ ਨੇ ਭੋਜਨ ਸੁਰੱਖਿਆ ਨੂੰ ਆਪਣੇ ਜੀਵਨ ਦਾ ਮਿਸ਼ਨ ਬਣਾਇਆ ਸੀ।

ਦਿੱਲੀ ਵਿਚ ਹੋਈ ਕਾਨਫ਼ਰੰਸ ਵਿਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਖੇਤੀਬਾੜੀ ਵਿਗਿਆਨ ਵਿਚ ਉਨ੍ਹਾਂ ਦੇ ਮੋਹਰੀ ਕੰਮ ਲਈ ਐਮ.ਐਸ. ਸਵਾਮੀਨਾਥਨ ਦੀ ਵਿਆਪਕ ਤੌਰ ’ਤੇ ਪ੍ਰਸ਼ੰਸਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਹਿੱਤ ਭਾਰਤ ਦੀ ਸਭ ਤੋਂ ਵੱਡੀ ਤਰਜੀਹ ਹੈ। ਆਪਣੀ ਸਰਕਾਰ ਦੀਆਂ ਨੀਤੀਆਂ ਨੂੰ ਸਪੱਸ਼ਟ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਕਿਸਾਨਾਂ, ਮਛੇਰਿਆਂ ਅਤੇ ਡੇਅਰੀ ਕਿਸਾਨਾਂ ਦੇ ਹਿੱਤਾਂ ਨਾਲ ਕਦੇ ਵੀ ਸਮਝੌਤਾ ਨਹੀਂ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ ਮੈਂ ਆਪਣੇ ਕਿਸਾਨਾਂ ਨਾਲ ਮਜ਼ਬੂਤੀ ਨਾਲ ਖੜ੍ਹਾ ਹਾਂ ਤੇ ਮੈਨੂੰ ਇਸ ਦੀ ਜੋ ਵੀ ਕੀਮਤ ਚੁਕਾਉਣੀ ਪਈ, ਮੈਂ ਉਸ ਲਈ ਤਿਆਰ ਹਾਂ।

ਪ੍ਰਧਾਨ ਮੰਤਰੀ ਮੋਦੀ ਨੇ ਇਸ ਪ੍ਰੋਗਰਾਮ ਵਿੱਚ ਮਹਾਨ ਵਿਗਿਆਨੀ ਸਵਾਮੀਨਾਥਨ, ਜਿਨ੍ਹਾਂ ਨੂੰ ਹਰੀ ਕ੍ਰਾਂਤੀ ਦੇ ਪਿਤਾਮਾ ਕਿਹਾ ਜਾਂਦਾ ਹੈ, ਦੇ ਸਨਮਾਨ ਵਿੱਚ ਇੱਕ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਕੀਤੀ ਹੈ।
ਸਦਾਬਹਾਰ ਕ੍ਰਾਂਤੀ - ਜੈਵਿਕ-ਖੁਸ਼ੀ ਦਾ ਮਾਰਗ ਦੇ ਥੀਮ ’ਤੇ ਅਧਾਰਤ, 7 ਤੋਂ 9 ਅਗਸਤ ਤੱਕ ਇਹ ਕਾਨਫ਼ਰੰਸ ਚਲੇਗੀ। ਇਹ ਕਾਨਫ਼ਰੰਸ ਐਮ.ਐਸ. ਸਵਾਮੀਨਾਥਨ ਰਿਸਰਚ ਫਾਊਂਡੇਸ਼ਨ (ਐਮਐਸਐਸਆਰਐਫ), ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਅਤੇ ਰਾਸ਼ਟਰੀ ਖੇਤੀਬਾੜੀ ਵਿਗਿਆਨ ਅਕੈਡਮੀ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ