07-08-2025
ਧਿਆਨ
ਧਿਆਨ ਸ਼ਬਦ ਦੀ ਵਰਤੋਂ ਰੋਜ਼ਾਨਾ ਦੀ ਗੱਲਬਾਤ ਵਿਚ ਅਕਸਰ ਹੁੰਦੀ ਹੈ। ਇਸ ਤਰ੍ਹਾਂ ਸਾਧਾਰਣ ਤੌਰ 'ਤੇ ਧਿਆਨ ਇਕ ਅਜਿਹੀ ਸ਼ਕਤੀ ਜਾਂ ਯੋਗਤਾ ਹੈ ਜਿਸ ਨੂੰ ਅਸੀਂ ਆਪਣੀ ਮਰਜ਼ੀ ਨਾਲ ਇਧਰ-ਉਧਰ ਕਰ ਸਕਦੇ ਹਾਂ ਪਰ ਵਿਗਿਆਨਕ ਅਤੇ ਤਕਨੀਕੀ ਭਾਸ਼ਾ ਵਿਚ ਧਿਆਨ ਇਕ ਅਜਿਹੀ ਪ੍ਰਕਿਰਿਆ ਹੈ ਜਿਹੜੀ ਮਨ ਨੂੰ ਇਕ ਪਾਸੇ ਕੇਂਦਰਿਤ ਕਰਦੀ ਹੈ। ਧਿਆਨ ਪ੍ਰਕਿਰਿਆ ਵਿਚ ਵਸਤੂ ਸੰਬੰਧੀ ਵਿਚਾਰਾਂ ਨੂੰ ਮਾਨਸਿਕ ਖੇਤਰ ਵਿਚ ਲਿਆ ਕੇ ਚੇਤਨਾ ਨੂੰ ਇਕਾਗਰ ਕੀਤਾ ਜਾਂਦਾ ਹੈ। ਦਰਅਸਲ ਸਾਡੀਆਂ ਗਿਆਨ ਇੰਦਰੀਆਂ ਜਿਵੇਂ ਕਿ ਅੱਖ, ਕੰਨ, ਨੱਕ ਤੇ ਚਮੜੀ ਆਦਿ ਅਨੇਕਾਂ ਪ੍ਰਕਾਰ ਦੀਆਂ ਵਸਤੂਆਂ ਤੋਂ ਪ੍ਰਭਾਵਿਤ ਹੁੰਦੀਆਂ ਹਨ। ਪਰੰਤੂ ਸਾਰੀਆਂ ਵਸਤੂਆਂ ਪ੍ਰਤੀ ਵਿਅਕਤੀ ਅਨੁਕਿਰਿਆ ਨਹੀਂ ਕਰਦਾ। ਸਚਾਈ ਇਹ ਹੈ ਕਿ ਵਿਅਕਤੀ ਆਪਣੀ ਇੱਛਾ ਤੇ ਲੋੜ ਅਨੁਸਾਰ ਕੁਝ ਖ਼ਾਸ ਗੱਲਾਂ, ਵਸਤੂਆਂ ਤੇ ਘਟਨਾਵਾਂ ਨੂੰ ਚੁਣ ਲੈਂਦਾ ਹੈ ਅਤੇ ਉਨ੍ਹਾਂ ਦੇ ਪ੍ਰਤੀ ਹੀ ਅਨੁਕਿਰਿਆ ਕਰਦਾ ਹੈ। ਅਨੁਕਿਰਿਆ ਦਾ ਅਰਥ ਹੈ ਕਿ ਵਿਅਕਤੀ ਚੁਣੇ ਗਏ ਸੀਮਤ ਪਦਾਰਥਾਂ ਤੇ ਘਟਨਾਵਾਂ ਬਾਰੇ ਹੀ ਸੋਚ-ਵਿਚਾਰ ਕਰਦਾ ਹੈ ਅਤੇ ਆਪਣੇ ਵਿਚਾਰ ਜਾਂ ਫ਼ੈਸਲਾ ਦਿੰਦਾ ਹੈ। ਗਿਆਨ ਦਾ ਫ਼ਾਇਦਾ ਲੈਣ ਲਈ ਧਿਆਨ ਦਾ ਹੋਣਾ ਜ਼ਰੂਰੀ ਹੁੰਦਾ ਹੈ।
-ਮਨੋਵਿਗਿਆਨਕ ਪ੍ਰਯੋਗਸ਼ਾਲਾ
ਪਿੰਡ ਨੌਨੀਤਪੁਰ, ਤਹਿ. ਗੜ੍ਹਸ਼ੰਕਰ (ਹੁਸ਼ਿਆਰਪੁਰ)
ਪਰਾਇਆ ਕੌਣ?
ਛੋਟੇ ਹੋਣ ਕਰਕੇ ਸਭ ਕੁਝ ਆਪਣਾ ਹੀ ਲੱਗਦਾ ਸੀ। ਜਦੋਂ ਵੀ ਕਿਸੇ ਚੀਜ਼ ਦੀ ਲੋੜ ਪੈਂਦੀ, ਆਪਣੇ ਪਰਿਵਾਰ ਵਿਚੋਂ ਕਿਸੇ ਨੂੰ ਕਹਿ ਦਿੰਦੇ ਅਤੇ ਉਹ ਚੀਜ਼ ਮਿਲ ਜਾਂਦੀ। ਪਰ ਹੁਣ ਅਜਿਹਾ ਲੱਗਦਾ ਹੈ ਜਿਵੇਂ ਅਸੀਂ ਰਿਸ਼ਤਿਆਂ ਦੀ ਖ਼ੁਸ਼ਬੂ ਪੈਸਿਆਂ ਦੀ ਗਿਣਤੀ ਵਿਚ ਗੁਆ ਬੈਠੇ ਹਾਂ।
ਕਈ ਵਾਰ ਪੈਸਾ ਇੰਨਾ ਪਿਆਰਾ ਹੋ ਜਾਂਦਾ ਹੈ ਕਿ ਇਨਸਾਨ ਭੁੱਲ ਜਾਂਦਾ ਹੈ ਕਿ ਰਿਸ਼ਤਿਆਂ ਦੀ ਨੀਂਹ ਪੈਸਾ ਨਹੀਂ, ਸਗੋਂ ਪਿਆਰ, ਜ਼ਿੰਮੇਵਾਰੀ ਤੇ ਇੱਜ਼ਤ ਹੁੰਦੀ ਹੈ। ਕੁੜੀ ਹਮੇਸ਼ਾਂ ਤੋਂ ਹੀ 'ਪਰਾਇਆ ਧਨ' ਮੰਨੀ ਜਾਂਦੀ ਆਈ ਹੈ। ਇਕ ਘਰ ਤੋਂ ਦੂਜੇ ਘਰ ਜਾਂਦਿਆਂ, ਇਕ ਗੱਡੀ ਦਾ ਸਫ਼ਰ ਸਾਰੇ ਰਿਸ਼ਤੇ ਬਦਲ ਦਿੰਦਾ ਹੈ। ਇਨ੍ਹਾਂ ਰਿਸ਼ਤਿਆਂ ਦੀ ਪਛਾਣ ਇੰਝ ਖ਼ਤਮ ਨਹੀਂ ਹੋ ਸਕਦੀ। ਇਨ੍ਹਾਂ ਰਿਸ਼ਤਿਆਂ ਦਾ ਪਿਆਰ, ਸੱਚਾਈ, ਬੇ-ਤਕਲੀਫ਼, ਇੱਜ਼ਤ ਉਸੇ ਤਰ੍ਹਾਂ ਹੀ ਰਹਿੰਦਾ ਹੈ। ਕੁੜੀ ਦਾ ਰੋਣਾ ਫਿਰ ਕਈ ਸਾਲ ਬਾਅਦ ਇਨ੍ਹਾਂ ਰਿਸ਼ਤਿਆਂ ਨਾਲ ਹੀ ਰਹਿ ਜਾਣਾ। ਪਰ ਹੁਣ ਲੱਗਦਾ ਹੈ ਕਿ ਇਹ ਗੱਲਾਂ ਆਪਣਾ ਮਤਲਬ ਗੁਆ ਰਹੀਆਂ ਹਨ।
-ਮਨਪ੍ਰੀਤ ਕੌਰ
ਹੰਡਿਆਇਆ, ਬਰਨਾਲਾ।
ਵਿਧਾਨ ਸਭਾ 'ਚ ਉਸਾਰੂ ਬਹਿਸ ਹੋਵੇ
ਇਸ ਵਾਰ ਪੰਜਾਬ ਵਿਧਾਨ ਸਭਾ 'ਚ ਮੁੱਦਿਆਂ 'ਤੇ ਬਹਿਸ ਕਰਨ ਦੀ ਬਜਾਏ ਆਗੂਆਂ ਵਲੋਂ ਜਿਸ ਤਰ੍ਹਾਂ ਇਕ ਦੂਜੇ 'ਤੇ ਨਿੱਜੀ ਹਮਲੇ ਕੀਤੇ ਗਏ ਉਹ ਲੋਕਤੰਤਰ ਦਾ ਘਾਣ ਹੈ। ਹਾਂ ਬਹਿਸ ਹੋਣੀ ਵੀ ਚਾਹੀਦੀ ਹੈ ਕਿਉਂਕਿ ਇਕ ਮਜ਼ਬੂਤ ਲੋਕਤੰਤਰ ਲਈ ਬਹਿਸ ਜ਼ਰੂਰੀ ਹੈ। ਪਰ ਬਹਿਸ ਉਸਾਰੂ ਹੋਣੀ ਚਾਹੀਦੀ ਹੈ। ਬੇਲੋੜੀ ਬਹਿਸ ਤੇ ਨਿੱਜੀ ਹਮਲਿਆਂ ਕਰਕੇ ਉਸਾਰੇ ਮੁੱਦੇ ਗੌਣ ਹੋ ਜਾਂਦੇ ਹਨ। ਸੋ, ਨੇਤਾਵਾਂ ਨੂੰ ਸੂਬੇ ਦੇ ਲੋਕਾਂ ਦੇ ਹਿੱਤ ਲਈ ਚੰਗੇ ਫ਼ੈਸਲੇ ਲੈਣੇ ਚਾਹੀਦੇ ਹਨ ਤੇ ਬਿਨ ਮਤਲਬ ਦੀ ਬਹਿਸ ਨਾਲ ਸਦਨ ਦਾ ਕੀਮਤੀ ਸਮਾਂ ਨਹੀਂ ਗੁਆਉਣਾ ਚਾਹੀਦਾ।
-ਲੈਕਚਰਾਰ ਅਜੀਤ ਖੰਨਾ
ਸਿਸਟਮ ਦਾ ਖੋਖਲਾਪਣ
21 ਜੁਲਾਈ ਦੇ ਸੰਪਾਦਕੀ ਪੰਨੇ 'ਤੇ ਕਮਲਜੀਤ ਸਿੰਘ ਬਨਵੈਤ ਦੇ ਲੇਖ ਨੇ ਪੁਲਿਸ ਮੁਕਾਬਲਿਆਂ ਦੀ ਖ਼ੂਨੀ ਦਾਸਤਾਂ ਨੂੰ ਬੜੀ ਬੇਬਾਕੀ ਨਾਲ ਪੇਸ਼ ਕੀਤਾ ਹੈ। ਪੰਜਾਬ ਦੇ ਮੌਜੂਦਾ ਦੌਰ ਦੇ ਵਰਤਾਰੇ ਕਾਰਨ ਨੌਜਵਾਨਾਂ ਤੇ ਉਨ੍ਹਾਂ ਦੇ ਮਾਪੇ ਵੀ ਡਰੇ ਹੋਏ ਹਨ ਜਿਸ ਕਾਰਨ ਉਹ ਵਿਦੇਸ਼ਾਂ ਵਿਚ ਵਸਣ ਨੂੰ ਤਰਜੀਹ ਦੇ ਰਹੇ ਹਨ। ਬਿਨਾਂ ਸ਼ੱਕ ਨਸ਼ਿਆਂ, ਗੈਂਗਸਟਰਵਾਦ ਦਾ ਵਿਸਥਾਰ ਬੇਰੋਕ ਵਧ-ਫੁੱਲ ਰਿਹਾ ਹੈ। ਸਰਕਾਰ ਭਾਵੇਂ ਕੋਈ ਵੀ ਹੋਵੇ, ਇਨ੍ਹਾਂ ਨੂੰ ਠੱਲ੍ਹ ਪਾਉਣ ਵਿਚ ਨਾਕਾਮ ਰਹੀਆਂ ਹਨ। ਏਨਾ ਜ਼ਰੂਰ ਹੈ ਕਿ ਆਪਣੇ ਰਾਜਨੀਤਕ ਫ਼ਾਇਦੇ ਲਈ ਇਨ੍ਹਾਂ ਨੂੰ ਵਰਤਣ ਦੇ ਨਿਵੇਕਲੇ ਢੰਗ ਜ਼ਰੂਰ ਲੱਭ ਲੈਂਦੇ ਹਨ। ਅੱਜ ਤੋਂ ਸਾਢੇ ਤਿੰਨ ਕੁ ਦਹਾਕੇ ਪਹਿਲਾਂ ਲੋਕਾਂ ਨੂੰ ਅਖ਼ਬਾਰਾਂ ਰਾਹੀਂ ਹੀ ਪੁਲਿਸ ਦੀਆਂ ਵਧੀਕੀਆਂ ਤੇ ਖ਼ੂਨੀ ਖੇਡ ਦਾ ਪਤਾ ਲਗਦਾ ਸੀ। ਅਖ਼ਬਾਰ ਪੜ2ਨ ਦੀ ਘਟਦੀ ਗਿਣਤੀ ਤੇ ਸੋਸ਼ਲ ਮੀਡੀਆ ਨੇ ਪੁਲਿਸ ਮੁਕਾਬਲਿਆਂ ਦੀਆਂ ਬੇਖ਼ੌਫ਼ ਦਾਸਤਾਂ ਨੂੰ ਦਫ਼ਨ ਕਰਨ ਵਿਚ ਕੋਈ ਕਮੀ ਨਹੀਂ ਛੱਡੀ। ਇਹ ਲੇਖ ਪੜ੍ਹ ਕੇ ਤਾਂ ਇੰਝ ਹੀ ਜਾਪਦਾ ਹੈ ਕਿ ਜਿਵੇਂ ਅਜੇ ਵੀ 84 ਜਾਂ 95 ਦਾ ਦੌਰ ਹੀ ਚੱਲ ਰਿਹਾ ਹੋਵੇ।
-ਰਵਿੰਦਰ ਸਿੰਘ ਧਾਲੀਵਾਲ
ਪਿੰਡ ਨੱਥੂ ਮਾਜਰਾ, (ਮਾਲੇਰਕੋਟਲਾ)
ਲਿੰਗਕ ਪਾੜਾ ਅਤੇ ਮਾਨਸਿਕਤਾ
ਭਾਰਤ ਦੀ ਸੰਸਕ੍ਰਿਤੀ ਵਿਚ ਔਰਤ ਨੂੰ ਉੱਚਾ ਚੁੱਕਣ ਦਾ ਹਮੇਸ਼ਾ ਯਤਨ ਹੁੰਦਾ ਰਿਹਾ। ਕਾਨੂੰਨੀ ਅਤੇ ਸਮਾਜਿਕ ਉਪਰਾਲੇ ਔਰਤ ਨੂੰ ਮਰਦ ਦੇ ਬਰਾਬਰ ਰੱਖਣ ਲਈ ਹੁੰਦੇ ਰਹੇ ਹਨ। ਹਰ ਥਾਂ ਔਰਤ ਨੂੰ ਬਰਾਬਰਤਾ ਦੇਣ ਲਈ 50 ਫ਼ੀਸਦੀ ਰਾਖਵਾਂਕਰਨ ਲਈ ਅਨੇਕਾਂ ਤਰ੍ਹਾਂ ਦੀਆਂ ਅੜਚਣਾਂ ਆਈਆਂ। ਪਰ ਔਰਤ ਦਾ ਸਤਿਕਾਰ ਸਾਡੀ ਸੰਸਕ੍ਰਿਤੀ ਵਿਚ ਹੁੰਦਾ ਰਿਹਾ ਹੈ। ਭਾਵੇਂ ਮਰਦ ਦੀ ਮਰਦਾਨਗੀ ਅਤੇ ਪ੍ਰਧਾਨਗੀ ਨੂੰ ਸੀਮਤ ਕਰਨ ਦੀ ਲੋੜ ਅੱਜ ਵੀ ਹੈ। ਬਹੁਤੇ ਮਰਦਾਂ ਦੀ ਸੋਚ ਆਪਣੀ ਧੀ ਭੈਣ ਦਾ ਰਸਤਾ ਛੱਡ ਕੇ ਦੂਜੇ ਦੀ ਧੀ ਭੈਣ ਵੱਲ ਦਾ ਪੈਂਡਾ ਤੈਅ ਕਰਦਾ ਹੈ। ਇਸੇ ਲਈ ਲਿੰਗਕ ਪਾੜਾ ਵਧਿਆ, ਜਿਸ ਕਰਕੇ ਭਰੂਣ ਹੱਤਿਆ ਰੋਕਣ ਲਈ ਕਾਨੂੰਨ ਬਣੇ। ਭਰੂਣ ਹੱਤਿਆ ਨੂੰ ਠੱਲ੍ਹ ਪੈਣ ਤੋਂ ਬਾਅਦ ਸਾਡੀਆਂ ਧੀਆਂ ਹਰ ਖੇਤਰ ਵਿਚ ਉਡਾਰੀਆਂ ਮਾਰ ਰਹੀਆਂ ਹਨ ਅਤੇ ਇਹ ਵੀ ਦਰਸਾ ਰਹੀਆਂ ਹਨ ਕਿ ਉਹ ਮਰਦ ਨਾਲੋਂ ਕਿਸੇ ਵੀ ਖੇਤਰ ਵਿਚ ਘੱਟ ਨਹੀਂ ਹਨ। ਸਰਕਾਰ ਦੇ ਅੰਗ ਨਿਆਪਾਲਿਕਾ, ਕਾਰਜਪਾਲਿਕਾ ਤੇ ਵਿਧਾਨ ਪਾਲਿਕਾ ਵਿਚ ਵੀ ਔਰਤਾਂ ਦਾ ਬੋਲਬਾਲਾ ਹੈ। ਅੱਜ ਪ੍ਰਾਈਵੇਟ ਸੈਕਟਰ ਵਿਚ ਵੀ ਔਰਤਾਂ ਬੁਲੰਦੀਆਂ ਛੂਹ ਰਹੀਆਂ ਹਨ। ਅੱਜ ਜਿਸ ਤਰ੍ਹਾਂ ਵੀ ਹੈ ਲਿੰਗਕ ਪਾੜਾ ਘਟਿਆ ਜ਼ਰੂਰ ਹੈ। ਪਰ ਮਰਦ ਦੀ ਮਰਦਾਨਗੀ ਅਤੇ ਪ੍ਰਧਾਨਗੀ ਆਪਣੀ ਆਦਤ ਤੋਂ ਮਜਬੂਰ ਹੈ।
-ਸੁਖਪਾਲ ਸਿੰਘ ਗਿੱਲ