ਭਾਰਤ-ਇੰਗਲੈਂਡ ਚੌਥਾ ਟੈਸਟ : ਚੌਥੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਦੂਜੀ ਪਾਰੀ ਵਿਚ ਭਾਰਤ 174/2

ਮੈਨਚੈਸਟਰ, 26 ਜੁਲਾਈ - ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਚੌਥੇ ਟੈਸਟ ਮੈਚ ਦੇ ਚੌਥੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਭਾਰਤ ਨੇ ਆਪਣੀ ਦੂਜੀ ਪਾਰੀ ਵਿਚ 2 ਵਿਕਟਾਂ ਦੇ ਨੁਕਸਾਨ 'ਤੇ 174 ਦੌੜਾਂ ਬਣਾ ਲਈਆਂ ਸਨ ਤੇ ਅਜੇ ਵੀ ਉਹ ਇੰਗਲੈਂਡ ਤੋਂ 137 ਦੌੜਾਂ ਪਿੱਛੇ ਹੈ। ਖੇਡ ਖ਼ਤਮ ਹੋਣ ਤੱਕ ਸਲਾਮੀ ਬੱਲੇਬਾਜ਼ ਕੇ.ਐਲ.ਰਾਹੁਲ 87 ਅਤੇ ਕਪਤਾਨ ਸ਼ੁਭਮਨ ਗਿੱਲ 78 ਦੌੜਾਂ ਬਣਾ ਕੇ ਕਰੀਜ਼ 'ਤੇ ਡਟੇ ਹੋਏ ਸਨ।
ਹਾਲਾਂਕਿ ਭਾਰਤ ਦੀ ਦੂਜੀ ਪਾਰੀ ਦੀ ਸ਼ੁਰੂਆਤ ਬਹੁਤ ਹੀ ਖਰਾਬ ਰਹੀ ਤੇ ਸਿਰਫ਼ ਇਕ ਦੌੜ 'ਤੇ ਭਾਰਤੀ ਟੀਮ ਨੇ ਦੋ ਵਿਕਟਾਂ ਗੁਆ ਲਈਆਂ ਸਨ।ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਲਾ ਬਿਨਾਂ ਕੋਈ ਦੌੜਾਂ ਬਣਾਏ ਆਊਟ ਹੋ ਗਿਆ। ਯਸ਼ਸਵੀ ਨੂੰ ਕ੍ਰਿਸ ਵੋਕਸ ਨੇ ਜੋ ਰੂਟ ਹੱਥੋਂ ਕੈਚ ਆਊਟ ਕਰਵਾਇਆ। ਇਸ ਤੋਂ ਬਾਅਦ ਸਾਈ ਸੁਦਰਸ਼ਨ ਬੱਲੇਬਾਜ਼ੀ ਕਰਨ ਲਈ ਉਤਰਿਆ। ਉਹ ਵੀ ਕ੍ਰਿਸ ਵੋਕਸ ਦੀ ਗੇਂਦ 'ਤੇ ਖਾਤਾ ਖੋਲ੍ਹੇ ਬਿਨਾਂ ਹੈਰੀ ਬਰੁੱਕ ਹੱਥੋਂ ਕੈਚ ਆਊਟ ਹੋ ਗਿਆ।