ਪੰਜਾਬ ਪੁਲਿਸ ਤੇ ਬੀਐਸਐਫ ਨੇ ਸਾਂਝੇ ਆਪਰੇਸ਼ਨ ਤਹਿਤ 620 ਗ੍ਰਾਮ ਹੈਰੋਇਨ ਸਮੇਤ ਤਿੰਨ ਨੂੰ ਕੀਤਾ ਗ੍ਰਿਫ਼ਤਾਰ

ਗੁਰੂ ਹਰਸਹਾਏ (ਫ਼ਿਰੋਜ਼ਪੁਰ), 27 ਜੁਲਾਈ (ਕਪਿਲ ਕੰਧਾਰੀ) - ਥਾਣਾ ਗੁਰੂਹਰ ਸਹਾਏ ਦੀ ਪੁਲਿਸ ਅਤੇ ਬੀਐਸਐਫ ਦੇ ਅਧਿਕਾਰੀਆਂ ਨੇ ਸਾਂਝੇ ਆਪ੍ਰੇਸ਼ਨ ਤਹਿਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਤਨਾਮ ਸਿੰਘ ਤੇ ਥਾਣਾ ਮੁਖੀ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਵਲੋਂ ਤੇ ਬੀਐਸਐਫ ਦੇ ਅਧਿਕਾਰੀਆਂ ਵਲੋ ਜਦੋਂ ਦੋ ਪਾਰਟੀਆਂ ਬਣਾ ਕੇ ਪਿੰਡ ਨੋ ਬਹਿਰਾਮ ਸ਼ੇਰ ਸਿੰਘ ਵਾਲਾ ਵਿਖੇ ਸਰਚ ਕੀਤੀ ਜਾ ਰਹੀ ਸੀ ਤਾਂ ਢਾਣੀ ਵਲੂ ਸਿੰਘ ਵਾਲਾ ਸਾਈਡ ਤੋਂ ਇਕ ਮੋਟਰ ਸਾਈਕਲ 'ਤੇ ਤਿੰਨ ਨੌਜਵਾਨ ਆਉਂਦੇ ਦਿਖਾਈ ਦਿੱਤੇ। ਸ਼ੱਕ ਦੇ ਅਧਾਰ 'ਤੇ ਜਦੋਂ ਰੋਕਿਆ ਤੇ ਉਨ੍ਹਾਂ ਦਾ ਨਾਮ ਪੁੱਛਿਆ ਤਾਂ ਉਨ੍ਹਾਂ ਵਿਚੋਂ ਇਕ ਨੇ ਆਪਣਾ ਨਾਮ ਜਸਵਿੰਦਰ ਸਿੰਘ ਪੁੱਤਰ ਮਾਹਲਾ ਸਿੰਘ ਵਾਸੀ ਨਵਾ ਸਲੀਮ ਸ਼ਾਹ ਵਾਲਾ ਥਾਣਾ ਸਦਰ ਫ਼ਾਜ਼ਿਲਕਾ, ਦੂਜੇ ਨੇ ਅਮਰਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਕਮਾਲ ਵਾਲਾ ਥਾਣਾ ਖੂਈ ਖੇੜਾ ਜ਼ਿਲ੍ਹਾ ਫ਼ਾਜ਼ਿਲਕਾ ਅਤੇ ਤੀਜੇ ਨੇ ਰਿੰਕੂ ਪੁੱਤਰ ਟਿੱਕਾ ਵਾਸੀ ਨੋ ਬਹਿਰਾਮ ਸ਼ੇਰ ਸਿੰਘ ਵਾਲਾ ਦੱਸਿਆ। ਜਦੋਂ ਇਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਪਾਸੋਂ 620 ਗ੍ਰਾਮ ਹੈਰੋਇਨ ਸਮੇਤ ਮੋਮੀ ਲਿਫ਼ਾਫ਼ਾ ਟੇਪ ਲੋਹੇ ਦੀ ਤਾਰ ਪੈਕਿੰਗ ਮਟੀਰੀਅਲ ਬਰਾਮਦ ਹੋਈ। ਥਾਣਾ ਮੁਖੀ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲੈ ਕੇ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਹੈਰੋਇਨ ਕਿੱਥੋਂ ਲੈ ਕੇ ਆਏ ਸੀ ਅਤੇ ਕਿਸ ਨੂੰ ਦੇਣ ਲਈ ਜਾ ਰਹੇ ਸਨ।