ਸਾਨੂੰ ਸਦਨ ’ਚ ਬੋਲਣ ਦਾ ਨਹੀਂ ਦਿੱਤਾ ਜਾ ਰਿਹੈ ਮੌਕਾ- ਪ੍ਰਤਾਪ ਸਿੰਘ ਬਾਜਵਾ

ਚੰਡੀਗੜ੍ਹ, 11 ਜੁਲਾਈ (ਵਿਕਰਮਜੀਤ ਸਿੰਘ ਮਾਨ)- ਕਾਂਗਰਸੀ ਵਿਧਾਇਕਾਂ ਨਾਲ ਵਾਕਆਊਟ ਕਰਨ ਤੋਂ ਬਾਅਦ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਅਜਿਹਾ ਕੋਈ ਘਰ ਨਹੀਂ ਹੈ, ਜਿੱਥੇ ਚੰਗਾ ਖਾਣ ਵਾਲੇ ਲੋਕਾਂ ਨੂੰ ਫਿਰੌਤੀ ਦੇ ਫੋਨ ਨਾ ਆ ਰਹੇ ਹੋਣ। ਅਸੀਂ ਲੈਂਡ ਪੂਲਿੰਗ ’ਤੇ ਵੀ ਸਮਾਂ ਮੰਗਿਆ। ਉਹ (ਆਪ) ਲੋਕਾਂ ਨੂੰ ਧੋਖਾ ਦੇਣਾ ਚਾਹੁੰਦੇ ਹਨ। ਅੱਜ ਇਹ ਵੀ ਖ਼ਬਰ ਹੈ ਕਿ ਸਤਿੰਦਰ ਜੈਨ ਨੇ ਮੰਤਰੀਆਂ ਨੂੰ ਲੈਂਡ ਪੂਲਿੰਗ ਦਾ ਜਵਾਬ ਦੇਣ ਲਈ ਸਿਖਲਾਈ ਦਿੱਤੀ ਹੈ।
ਮੰਤਰੀ ਹਰਪਾਲ ਸਿੰਘ ਚੀਮਾ ਨੇ ਕਾਂਗਰਸ ’ਤੇ ਦੋਸ਼ ਲਗਾਇਆ ਸੀ ਕਿ ਕਾਂਗਰਸ ਪਾਰਟੀ ਦੇ ਗੈਂਗਸਟਰਾਂ ਨਾਲ ਸੰਬੰਧ ਹਨ, ਇਸ ਦਾ ਜਵਾਬ ਦਿੰਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਅਧਿਕਾਰੀਆਂ ਨੂੰ ਆਪਣਾ ਫੋਨ ਦੇ ਕੇ ਉਨ੍ਹਾਂ ਨਾਲ ਗੱਲ ਕਰਵਾਈ। ਬਾਜਵਾ ਨੇ ਕਿਹਾ ਕਿ ਸਾਨੂੰ ਸੈਸ਼ਨ ਵਿਚ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ। ਉਹ ਸਾਡੇ ਮਾਈਕ ਵੀ ਬੰਦ ਕਰ ਰਹੇ ਹਨ। 70 ਸਾਲਾਂ ਵਿਚ ਪਹਿਲੀ ਵਾਰ ਪ੍ਰਧਾਨ ਵਿਰੁੱਧ ਪਰਚੇ ਦਰਜ ਹੋਏ ਹਨ।
ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੀ.ਆਈ.ਐਸ.ਐਫ. ਉੱਥੇ ਤਾਇਨਾਤ ਕੀਤਾ ਗਿਆ ਹੈ, ਜਿੱਥੇ ਸਕੱਤਰੇਤ ਸਥਿਤ ਹੈ, ਜਿੱਥੇ ਮੰਤਰੀ ਅਤੇ ਵਿਧਾਇਕ ਬੈਠਦੇ ਹਨ। ਜਦੋਂ ਕਿ ਉਹ ਭਾਖੜਾ ਵਿਖੇ ਸੀ.ਆਈ.ਐਸ.ਐਫ਼. ਦਾ ਵਿਰੋਧ ਕਰਦੇ ਹਨ। ਉਹ ਉੱਥੇ ਪੰਜਾਬ ਪੁਲਿਸ ਤਾਇਨਾਤ ਕਰਨ ਦੀ ਗੱਲ ਕਰਦੇ ਹਨ ਤੇ ਉਹ ਆਪਣੀ ਜਾਨ ਬਚਾਉਣ ਲਈ ਸੀ.ਆਈ.ਐਸ.ਐਫ. ਤਾਇਨਾਤ ਕਰਨ ਦੀ ਗੱਲ ਕਰਦੇ ਹੋ।