ਵਿਦੇਸ਼ ਮੰਤਰਾਲੇ ਨੇ ਭਗਵੰਤ ਮਾਨ ਦੇ ਬਿਆਨ ਨੂੰ ਦੱਸਿਆ ਅਫ਼ਸੋਸਜਨਕ

ਨਵੀਂ ਦਿੱਲੀ, 11 ਜੁਲਾਈ- ਵਿਦੇਸ਼ ਮੰਤਰਾਲੇ ਨੇ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪ੍ਰਧਾਨ ਮੰਤਰੀ ਮੋਦੀ ’ਤੇ ਕੀਤੇ ਗਏ ਤੰਨਜ਼ ’ਤੇ ਇਤਰਾਜ਼ ਜਤਾਇਆ ਹੈ। ਵਿਦੇਸ਼ ਮੰਤਰਾਲੇ ਨੇ ਮਾਨ ਦੇ ਬਿਆਨ ਨੂੰ ਗੈਰ-ਜ਼ਿੰਮੇਵਾਰਾਨਾ ਦੱਸਿਆ ਅਤੇ ਕਿਹਾ ਕਿ ਅਜਿਹੇ ਬਿਆਨ ਕਿਸੇ ਰਾਜ ਦੇ ਮੁਖੀ ਨੂੰ ਸ਼ੋਭਾ ਨਹੀਂ ਦਿੰਦੇ।
ਮਾਨ ਨੇ ਪ੍ਰਧਾਨ ਮੰਤਰੀ ਦੇ ਹਾਲੀਆ ਬ੍ਰਾਜ਼ੀਲ, ਘਾਨਾ, ਤ੍ਰਿਨੀਦਾਦ ਅਤੇ ਟੋਬੈਗੋ, ਅਰਜਨਟੀਨਾ ਅਤੇ ਨਾਮੀਬੀਆ ਦੇ ਵਿਦੇਸ਼ ਦੌਰਿਆਂ ਦੀ ਆਲੋਚਨਾ ਕੀਤੀ ਸੀ। ਮਾਨ ਨੇ ਕਿਹਾ ਸੀ ਕਿ ਸਾਡੇ ਪ੍ਰਧਾਨ ਮੰਤਰੀ ਉਨ੍ਹਾਂ ਦੇਸ਼ਾਂ ਦਾ ਦੌਰਾ ਕਰ ਰਹੇ ਹਨ, ਜਿੱਥੇ ਆਬਾਦੀ 10 ਹਜ਼ਾਰ ਤੋਂ ਵੱਧ ਨਹੀਂ ਹੈ। ਸਾਡੇ ਦੇਸ਼ ਵਿਚ ਤਾਂ ਜੇ.ਸੀ.ਬੀ. ਦੇਖਣ ਲਈ ਇੰਨੇ ਸਾਰੇ ਲੋਕ ਲਾਈਨ ਵਿਚ ਖੜ੍ਹੇ ਹੋ ਜਾਂਦੇ ਹਨ।
ਇਸ ’ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਮਾਨ ਦਾ ਨਾਮ ਲਏ ਬਿਨਾਂ ਕਿਹਾ ਕਿ ਅਸੀਂ ਇਕ ਰਾਜ ਦੇ ਮੁਖੀ ਵਲੋਂ ਸਾਡੇ ਦੋਸਤਾਨਾ ਦੇਸ਼ਾਂ ਨਾਲ ਭਾਰਤ ਦੇ ਸੰਬੰਧਾਂ ਬਾਰੇ ਕੀਤੀਆਂ ਗਈਆਂ ਕੁਝ ਟਿੱਪਣੀਆਂ ਵੇਖੀਆਂ ਹਨ। ਇਹ ਬਿਆਨ ਅਫਸੋਸਜਨਕ ਹਨ ਅਤੇ ਭਾਰਤ ਸਰਕਾਰ ਉਨ੍ਹਾਂ ਤੋਂ ਦੂਰੀ ਬਣਾਉਂਦੀ ਹੈ।