ਪੰਜਾਬ 'ਚ ਅੱਤਵਾਦੀ ਹਮਲਿਆਂ ਲਈ ਲੋੜੀਂਦਾ ਹੈਪੀ ਪਾਸੀਆ ਭਾਰਤ ਹਵਾਲੇ

ਸੈਕਰਾਮੈਂਟੋ, 9 ਜੁਲਾਈ (ਹੁਸਨ ਲੜੋਆ ਬੰਗਾ)-ਪੰਜਾਬ 'ਚ ਘੱਟੋ ਘੱਟ 16 ਅੱਤਵਾਦੀ ਹਮਲਿਆਂ 'ਚ ਲੋੜੀਂਦਾ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆ ਨੂੰ ਅਮਰੀਕੀ ਏਜੰਸੀ ਐਫ. ਬੀ. ਆਈ. ਨੇ ਭਾਰਤ ਹਵਾਲੇ ਕਰ ਦਿੱਤਾ ਹੈ ਤੇ ਉਸ ਨੂੰ ਛੇਤੀ ਭਾਰਤ ਲਿਆਂਦਾ ਜਾਵੇਗਾ | ਮੀਡੀਆ ਰਿਪੋਰਟਾਂ ਅਨੁਸਾਰ ਸਮੁੱਚੇ ਭਾਰਤ 'ਚ ਹੈਪੀ ਪਾਸੀਆ ਵਿਰੁੱਧ 30 ਅਪਰਾਧਿਕ ਮਾਮਲੇ ਦਰਜ ਹਨ | ਅੰਮਿ੍ਤਸਰ ਦੇ ਰਹਿਣ ਵਾਲੇ ਹੈਪੀ ਪਾਸੀਆ ਨੂੰ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਤੇ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈ. ਸੀ. ਈ.) ਨੇ 18 ਅਪ੍ਰੈਲ ਨੂੰ ਗਿ੍ਫਤਾਰ ਕੀਤਾ ਸੀ | ਉਸ ਨੂੰ ਆਈ.ਸੀ.ਈ. ਦੀ ਹਿਰਾਸਤ 'ਚ ਰੱਖਿਆ ਗਿਆ ਸੀ | ਭਾਰਤੀ ਜਾਂਚ ਏਜੰਸੀ ਐਨ.ਆਈ.ਏ. ਪਿਛਲੇ ਸਮੇਂ ਤੋਂ ਹੈਪੀ ਪਾਸੀਆ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਸੀ | ਜਨਵਰੀ 'ਚ ਉਸ ਉਪਰ 5 ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਗਿਆ ਸੀ | ਐਨ.ਆਈ.ਏ. ਅਨੁਸਾਰ ਪਿਛਲੇ ਸਾਲ ਅਕਤੂਬਰ ਵਿਚ ਚੰਡੀਗੜ੍ਹ ਦੇ ਇਕ ਘਰ ਉਪਰ ਹੋਏ ਹਮਲੇ ਵਿਚ ਵੀ ਹੈਪੀ ਪਾਸੀਆ ਸ਼ਾਮਿਲ ਸੀ | ਜਾਂਚ ਏਜੰਸੀ ਅਨੁਸਾਰ ਸਰਹੱਦ ਪਾਰ ਅੱਤਵਾਦੀ ਨੈੱਟਵਰਕ ਨਾਲ ਪਾਸੀਆ ਦੇ ਗਹਿਰੇ ਸੰਬੰਧ ਹਨ ਤੇ ਕਥਿੱਤ ਤੌਰ 'ਤੇ ਉਹ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐਸ.ਆਈ. ਤੇ ਪਾਬੰਦੀਸ਼ੁਦਾ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਵੀ ਜੁੜਿਆ ਹੋਇਆ ਹੈ |