ਵਿਦੇਸ਼ੀ ਨੰਬਰ ਤੋਂ ਕਾਲ ਰਾਹੀਂ ਮੰਗੀ 50 ਲੱਖ ਦੀ ਫਿਰੌਤੀ ,ਕੁਝ ਦਿਨ ਪਹਿਲਾਂ ਹੋਇਆ ਸੀ ਜਾਨਲੇਵਾ ਹਮਲਾ

ਜਗਰਾਉਂ ,9 ਜੁਲਾਈ ( ਕੁਲਦੀਪ ਸਿੰਘ ਲੋਹਟ )- ਲੰਘੀ 5 ਜੁਲਾਈ ਨੂੰ ਪਿੰਡ ਛੱਜਾਵਾਲ ਨਿਵਾਸੀ ਜਤਿੰਦਰ ਸਿੰਘ ਜੋ ਪਿੰਡ ਰੂਮੀ ਵਿਖੇ ਗੁਰੂ ਨਾਨਕ ਹਾਰਡਵੇਅਰ ਸਟੋਰ ਚਲਾ ਰਿਹਾ ਹੈ ’ਤੇ ਮੋਟਰਸਾਈਕਲ ਸਵਾਰ 2 ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਸੀ ਤੇ ਹੁਣ ਉਸ ਤੋਂ ਵਿਦੋਸ਼ੀ ਕਾਲ ਰਾਹੀਂ 50 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ। ਹਮਲੇ ਤੋਂ ਬਾਅਦ ਜਤਿੰਦਰ ਸਿੰਘ ਵਾਸੀ ਪਿੰਡ ਛੱਜਾਵਾਲ ਦੇ ਬਿਆਨ ’ਤੇ ਪੁਲਿਸ ਨੇ ਵਿਦੇਸ਼ ਰਹਿੰਦੇ ਵਿਅਕਤੀ ਰੁਪਿੰਦਰ ਸਿੰਘ ਵਾਸੀ ਪਿੰਡ ਤਾਰੇਵਾਲਾ ਜ਼ਿਲ੍ਹਾ ਮੋਗਾ ਅਤੇ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਸਦਰ ਜਗਰਾਉਂ ਵਿਚ ਮਾਮਲਾ ਦਰਜ ਕਰ ਲਿਆ ਸੀ ਪ੍ਰੰਤੂ ਫਿਰੌਤੀ ਦੀ ਕਾਲ ਨੇ ਇਕ ਵਾਰ ਫਿਰ ਸਹਿਮ ਪੈਦਾ ਕਰ ਦਿੱਤਾ ਹੈ। ਹਮਲਾਵਰਾਂ ਦੀ ਭਾਲ ਲਈ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰੇ ਲਗਾਤਾਰ ਖੰਘਾਲੇ ਜਾ ਰਹੇ ਹਨ।
ਹੁਣ ਇਹ ਮਾਮਲਾ ਇਕ ਨਵੇਂ ਮੋੜ ’ਤੇ ਆ ਗਿਆ ਹੈ। ਸੂਤਰਾਂ ਅਨੁਸਾਰ ਜਤਿੰਦਰ ਸਿੰਘ ’ਤੇ ਹਮਲੇ ਦੇ ਅਗਲੇ ਦਿਨ ਅਮਰੀਕਾ ਤੋਂ ਉਸ ਨੂੰ ਇਕ ਫੋਨ ਕਾਲ ਰਾਹੀਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਫੋਨ ਕਰਨ ਵਾਲੇ ਨੇ ਉਸ ’ਤੇ ਚੱਲੀ ਗੋਲੀ ਦਾ ਜ਼ਿਕਰ ਵੀ ਕੀਤਾ ਅਤੇ ਕਿਹਾ ਕਿ ਇਸ ਵਾਰ ਤੂੰ ਬਚ ਗਿਆ ਅਗਲਾ ਨਿਸ਼ਾਨਾ ਪੱਕਾ ਲੱਗੇਗਾ । ਹਾਲਾਂਕਿ ਇਹ ਮਾਮਲਾ ਸ਼ੁਰੂ ਵਿਚ ਅਮਰੀਕਾ ਰਹਿੰਦੇ ਜਤਿੰਦਰ ਸਿੰਘ ਦੇ ਨਾਲ ਜੋੜਿਆ ਜਾ ਰਿਹਾ ਸੀ, ਪਰ ਫਿਰੌਤੀ ਦੀ ਕਾਲ ਆਉਣ ਤੋਂ ਬਾਅਦ ਪੁਲਿਸ ਇਸ ਨੂੰ ਅਨੇਕਾਂ ਪੱਖਾਂ ਤੋਂ ਦੇਖ ਰਹੀ ਹੈ।
ਥਾਣਾ ਸਦਰ ਦੇ ਇੰਚਾਰਜ ਸਬ ਇੰਸਪੈਕਟਰ ਸੁਖਜੀਤ ਸਿੰਘ ਨੇ ਕਿਹਾ ਕਿ ਵਿਦੇਸ਼ ਤੋਂ ਆਈ ਕਾਲ ਬਾਰੇ ਵੀ ਜਾਂਚ ਚੱਲ ਰਹੀ ਹੈ ਤੇ ਸੱਚਾਈ ਜਲਦੀ ਹੀ ਸਾਹਮਣੇ ਆ ਜਾਵੇਗੀ। ਇਸ ਸੰਬੰਧੀ ਜਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ 50 ਲੱਖ ਫਿਰੌਤੀ ਮੰਗਣ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਕਿ ਪੁਲਿਸ ਵਲੋਂ ਉਨ੍ਹਾਂ ਨੂੰ ਪੂਰੀ ਤਰਾਂ ਸੁਰੱਖਿਅਤ ਕੀਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਖ-ਵੱਖ ਟੀਮਾਂ ਬਣਾ ਕੇ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ।