ਮੰਡੀ 'ਚ ਆਫਤ ਪ੍ਰਭਾਵਿਤ ਲੋਕਾਂ ਦੀ ਕਰ ਰਹੇ ਸਹਾਇਤਾ - ਸੁਖਵਿੰਦਰ ਸਿੰਘ ਸੁੱਖੂ

ਤੁਨਾਗ (ਮੰਡੀ), 9 ਜੁਲਾਈ-ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਮੰਡੀ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਆਫ਼ਤ ਸਭ ਤੋਂ ਪਹਿਲਾਂ ਧਰਮਪੁਰ ਵਿਧਾਨ ਸਭਾ ਹਲਕੇ ਵਿਚ ਆਈ ਸੀ। 19 ਪਰਿਵਾਰਾਂ ਨੂੰ ਬਚਾਇਆ ਗਿਆ ਸੀ ਅਤੇ ਸਰਕਾਰ ਨੇ ਉਨ੍ਹਾਂ ਨੂੰ ਕਿਰਾਏ ਦੀ ਰਿਹਾਇਸ਼ ਲਈ ਹਰ ਮਹੀਨੇ 5000 ਰੁਪਏ ਦੇਣ ਦਾ ਐਲਾਨ ਕੀਤਾ ਹੈ।
ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿਚ ਮੀਂਹ ਜਾਰੀ ਹੈ। ਸ਼ਿਮਲਾ ਵਿਚ ਵੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਬੱਦਲ ਫਟਣ, ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਬੁੱਧਵਾਰ ਸ਼ਾਮ ਤੱਕ ਰਾਜ ਵਿਚ 174 ਸੜਕਾਂ, 162 ਬਿਜਲੀ ਟ੍ਰਾਂਸਫਾਰਮਰ ਅਤੇ 155 ਜਲ ਸਪਲਾਈ ਯੋਜਨਾਵਾਂ ਅਜੇ ਵੀ ਠੱਪ ਹਨ। ਇਸ ਆਫ਼ਤ ਵਿਚ 1,200 ਤੋਂ ਵੱਧ ਕੱਚੇ ਅਤੇ ਪੱਕੇ ਘਰ ਨੁਕਸਾਨੇ ਗਏ ਹਨ। ਦੂਜੇ ਪਾਸੇ, 30 ਜੂਨ ਦੀ ਰਾਤ ਨੂੰ ਕਈ ਥਾਵਾਂ 'ਤੇ ਬੱਦਲ ਫਟਣ ਤੋਂ ਬਾਅਦ, ਮੰਡੀ ਜ਼ਿਲ੍ਹੇ ਵਿਚ ਆਫ਼ਤ ਵਿਚ ਮਰਨ ਵਾਲਿਆਂ ਦੀ ਗਿਣਤੀ 19 ਤੱਕ ਪਹੁੰਚ ਗਈ ਹੈ। ਅਨੇਕਾਂ ਲੋਕ ਅਜੇ ਵੀ ਲਾਪਤਾ ਹਨ। ਮੰਡੀ ਜ਼ਿਲ੍ਹੇ ਵਿਚ ਸਭ ਤੋਂ ਵੱਧ 136 ਸੜਕਾਂ, 151 ਬਿਜਲੀ ਟ੍ਰਾਂਸਫਾਰਮਰ ਅਤੇ 137 ਜਲ ਸਪਲਾਈ ਯੋਜਨਾਵਾਂ ਬੰਦ ਹਨ।