ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਅਮਰੀਕਾ ਦੇ ਪ੍ਰਸਿੱਧ ਅਟਾਰਨੀ ਜਸਪ੍ਰੀਤ ਸਿੰਘ 'ਪ੍ਰੋਫ਼ੈਸਰ ਆਫ਼ ਇਮੀਨੈਂਸ' ਨਿਯੁਕਤ

ਸਾਨ ਫਰਾਂਸਿਸਕੋ, 6 ਜੁਲਾਈ (ਐਸ. ਅਸ਼ੋਕ ਭÏਰਾ)-ਅਮਰੀਕਾ 'ਚ ਆਪਣੀਆਂ ਸੇਵਾਵਾਂ ਨਾਲ ਮਾਣ ਖੱਟਣ ਵਾਲੇ ਪ੍ਰਸਿੱਧ ਇਮੀਗ੍ਰੇਸ਼ਨ ਵਕੀਲ ਜਸਪ੍ਰੀਤ ਸਿੰਘ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮਿ੍ਤਸਰ ਨੇ 'ਪ੍ਰੋਫੈਸਰ ਆਫ ਇਮੀਨੈਂਸ' ਦੇ ਰੂਪ 'ਚ ਨਿਯੁਕਤ ਕਰਕੇ ਅਕਾਦਮਿਕ ਖੇਤਰ 'ਚ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ | ਇਸ ਨਿਯੁਕਤੀ ਨਾਲ ਯੂਨੀਵਰਸਿਟੀ ਦੀ ਅੰਤਰਰਾਸ਼ਟਰੀ ਪਹੁੰਚ ਨੂੰ ਹੋਰ ਮਜ਼ਬੂਤੀ ਮਿਲੇਗੀ ਤੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਦੇ ਮਾਹਿਰਾਂ ਨਾਲ ਸਿੱਖਣ ਦਾ ਚੰਗਾ ਮੌਕਾ ਪ੍ਰਾਪਤ ਹੋਵੇਗਾ | ਜਸਪ੍ਰੀਤ ਸਿੰਘ, ਜੋ ਅਮਰੀਕਾ 'ਚ ਇਮੀਗ੍ਰੇਸ਼ਨ ਅਤੇ ਰਾਸ਼ਟਰੀਅਤਾ ਕਾਨੂੰਨ ਦੇ ਮਾਹਿਰ ਹਨ, ਨੂੰ ਯੂਨੀਵਰਸਿਟੀ ਦੇ ਕਾਨੂੰਨੀ ਸਿੱਖਿਆ ਤੇ ਅੰਤਰਰਾਸ਼ਟਰੀ ਕਾਨੂੰਨ ਪ੍ਰੋਗਰਾਮਾਂ ਨੂੰ ਮਜ਼ਬੂਤ ਕਰਨ ਲਈ ਚੁਣਿਆ ਗਿਆ ਹੈ | ਉਹ ਨਿਊਯਾਰਕ, ਕੈਲੀਫੋਰਨੀਆ, ਨਿਊਜਰਸੀ 'ਤੇ ਮੈਰੀਲੈਂਡ 'ਚ ਆਪਣੀ ਕਾਨੂੰਨੀ ਫ਼ਰਮ ਸਫਲਤਾਪੂਰਵਕ ਚਲਾ ਰਹੇ ਹਨ ਤੇ ਪਿਛਲੇ 2 ਦਹਾਕਿਆਂ 'ਚ 10,000 ਤੋਂ ਵੱਧ ਇਮੀਗ੍ਰੇਸ਼ਨ, ਅਸਾਈਲਮ ਤੇ ਡਿਪੋਰਟੇਸ਼ਨ ਮਾਮਲਿਆਂ ਨੂੰ ਆਪਣੀ ਮੁਹਾਰਤ ਨਾਲ ਹੱਲ ਕਰਵਾਇਆ ਹੈ | ਉਨ੍ਹਾਂ ਦੀ ਸਮਾਜਿਕ ਨਿਆਂ ਪ੍ਰਤੀ ਵਚਨਬੱਧਤਾ, ਖਾਸ ਤੌਰ 'ਤੇ ਘੱਟ ਆਮਦਨੀ ਵਾਲੇ ਤੇ ਬਜ਼ੁਰਗ ਪ੍ਰਵਾਸੀਆਂ ਲਈ ਮੁਫ਼ਤ ਕਾਨੂੰਨੀ ਸਹਾਇਤਾ, ਨੇ ਉਨ੍ਹਾਂ ਨੂੰ ਅਮਰੀਕਾ ਦੇ ਸਿੱਖ ਭਾਈਚਾਰੇ 'ਚ ਵਿਸ਼ੇਸ਼ ਸਥਾਨ ਦਿਵਾਇਆ ਹੈ | 'ਅਜੀਤ' ਨਾਲ ਗੱਲਬਾਤ ਕਰਦਿਆਂ ਅਟਾਰਨੀ ਨੇ ਕਿਹਾ ਕਿ ਉਨ੍ਹਾਂ ਲਈ ਇਹ ਮਾਣ ਜਿੰਦਗੀ ਦਾ ਸਭ ਤੋਂ ਵੱਡਾ ਸਨਮਾਨ ਹੈ | ਇਹ ਨਿਯੁਕਤੀ ਯੂਨੀਵਰਸਿਟੀ ਦੀ ਵਿਸ਼ੇਸ਼ ਕਾਨੂੰਨੀ ਮਾਹਿਰਾਂ ਦੀ ਕਮੇਟੀ ਦੀ ਸਿਫਾਰਸ਼ 'ਤੇ ਕੀਤੀ ਗਈ, ਜਿਸ 'ਚ ਡਾ. ਭੀਮ ਰਾਓ ਅੰਬੇਡਕਰ ਰਾਸ਼ਟਰੀ ਕਾਨੂੰਨ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਦਵਿੰਦਰ ਸਿੰਘ, ਜੇ. ਸੀ. ਬੋਸ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਅਜੈ ਰੰਗਾ ਤੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਚੇਅਰਮੈਨ ਪ੍ਰੋ. ਰਤਨ ਸਿੰਘ ਸ਼ਾਮਲ ਸਨ | ਕਮੇਟੀ ਦੀ ਬੈਠਕ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਦੀ ਅਗਵਾਈ ਹੇਠ ਹੋਈ, ਜਿਸ 'ਚ ਸ. ਜਸਪ੍ਰੀਤ ਸਿੰਘ ਦੀ ਵਿਲੱਖਣ ਯੋਗਤਾ ਤੇ ਸਮਾਜ ਸੇਵਾ ਨੂੰ ਮੁੱਖ ਅਧਾਰ ਮੰਨਿਆ ਗਿਆ |