ਸੰਤ ਬਲਜੀਤ ਸਿੰਘ ਦਾਦੂਵਾਲ ਅਤੇ ਜਗਦੀਸ਼ ਸਿੰਘ ਝੀਂਡਾ ਇਕ ਸਮਾਗਮ 'ਚ ਹੋ ਗਏ ਆਹਮੋ-ਸਾਹਮਣੇ
ਪਾਤੜਾਂ , 17 ਮਾਰਚ (ਜਗਦੀਸ਼ ਸਿੰਘ ਕੰਬੋਜ) - ਪਟਿਆਲਾ ਜ਼ਿਲ੍ਹੇ ਦੀ ਸਬ ਡਵੀਜ਼ਨ ਪਾਤੜਾਂ ਦੇ ਅਧੀਨ ਪਿੰਡ ਸ਼ੇਰਗੜ੍ਹ ਵਿਖੇ ਇਕ ਸੋਗ ਸਮਾਗਮ ਵਿਚ ਇਕੱਠੇ ਹੋਏ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਅਤੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਵਿਚਕਾਰ ਸਮਾਗਮ ਦੌਰਾਨ ਆਪਸ ਵਿਚ ਤਕਰਾਰਬਾਜ਼ੀ ਹੋ ਗਈ। ਇਸ ਮਾਮਲੇ ਨੂੰ ਕੁਝ ਲੋਕਾਂ ਨੇ ਵਿਚ ਪੈ ਕੇ ਸ਼ਾਂਤ ਕਰਾ ਦਿੱਤਾ। ਇਸ ਮਗਰੋਂ ਦੇਰ ਸ਼ਾਮ ਪੁਲਿਸ ਚੌਕੀ ਵਿਖੇ ਪੁੱਜੇ ਜਗਦੀਸ਼ ਸਿੰਘ ਝੀਂਡਾ ਨੇ ਸੰਤ ਬਲਜੀਤ ਸਿੰਘ ਦਾਦੂਵਾਲ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਦਰਖ਼ਾਸਤ ਦੇ ਕੇ ਰਸਤੇ ਵਿਚ ਜਾਂਦੇ ਸਮੇਂ ਉਨ੍ਹਾਂ ਦੀ ਗੱਡੀ 'ਤੇ ਹਮਲਾ ਕਰਕੇ ਸ਼ੀਸ਼ੇ ਤੋੜਨ ਅਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਲਾਏ ਹਨ ।
ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਸ਼ੇਰਗੜ੍ਹ ਵਿਖੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਪਰਮਜੀਤ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਆਗੂ ਜਸਵਿੰਦਰ ਸਿੰਘ ਸ਼ੇਰਗੜ੍ਹ ਦੇ ਮਾਤਾ ਦੇ ਭੋਗ ਸਮਾਗਮ ਵਿਚ ਸ਼ਾਮਿਲ ਹੋਣ ਲਈ ਸੰਤ ਬਲਜੀਤ ਸਿੰਘ ਦਾਦੂਵਾਲ ਅਤੇ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਪਹੁੰਚੇ ਸਨ। ਇਸ ਦੌਰਾਨ ਇਸ ਸਮਾਗਮ ਵਿਚ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਬੋਲਣ ਦਾ ਸਮਾਂ ਦਿੱਤਾ ਗਿਆ ਪਰ ਕਿਸੇ ਗੱਲ ਨੂੰ ਲੈ ਕੇ ਜਗਦੀਸ਼ ਸਿੰਘ ਝੀਂਡਾ ਸਮਾਗਮ ਛੱਡ ਕੇ ਜਦੋਂ ਜਾਣ ਲੱਗੇ ਤਾਂ ਕੁਝ ਆਗੂਆਂ ਨੇ ਉਨ੍ਹਾਂ ਨੂੰ ਜਾਣ ਤੋਂ ਰੋਕ ਲਿਆ। ਇਸ ਮੌਕੇ ਫਿਰ ਝੀਂਡਾ ਅਤੇ ਦਾਦੂਵਾਲ ਦੀ ਆਪਸ ਵਿਚ ਤਕਰਾਰਬਾਜ਼ੀ ਹੋ ਗਈ। ਦੇਰ ਸ਼ਾਮ ਪੁਲਿਸ ਚੌਕੀ ਠਰੂਆ ਵਿਖੇ ਪੁੱਜੇ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਆਪਣੇ ਬਿਆਨ ਦਰਜ ਕਰਾਉਂਦਿਆਂ ਦੋਸ਼ ਲਗਾਇਆ ਕਿ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਵਲੋਂ ਉਨ੍ਹਾਂ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ।
;
;
;
;
;
;
;
;