ਦਫ਼ਤਰੀ ਕਰਮਚਾਰੀਆਂ ਦੀ ਹੜਤਾਲ - ਡਿਪਟੀ ਕਮਿਸ਼ਨਰ,ਐਸ. ਡੀ. ਐਮ. ਦਫ਼ਤਰਾਂ ਸਮੇਤ ਤਹਿਸੀਲਾਂ ਤੇ ਸਬ ਤਹਿਸੀਲਾਂ 'ਚ ਅਗਲੇ 3 ਦਿਨ ਕੰਮ ਕਾਜ ਰਹੇਗਾ ਠੱਪ
ਮਮਦੋਟ (ਫ਼ਿਰੋਜ਼ਪੁਰ) ,17 ਮਾਰਚ (ਰਾਜਿੰਦਰ ਸਿੰਘ ਹਾਂਡਾ) - ਪੰਜਾਬ ਰਾਜ ( ਡੀ. ਸੀ. ) ਦਫ਼ਤਰ ਯੂਨੀਅਨ ਵਲੋਂ ਯੂਨੀਅਨ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨਾਲ ਥਾਣਾ ਜੰਡਿਆਲਾ ਗੁਰੂ ਦੇ ਐਸ. ਐਚ. ਓ. ਅਤੇ ਇਕ ਸਿਪਾਹੀ ਵਲੋਂ ਕਥਿਤ ਗਾਲ਼ੀ ਗਲੋਚ ਅਤੇ ਧੱਕੇਸ਼ਾਹੀ ਦੇ ਦੋਸ਼ ਲਾਉਂਦਿਆਂ ਖ਼ਿਲਾਫ਼ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਰਾਜ ਦੇ ਸਮੂਹ ਡਿਪਟੀ ਕਮਿਸ਼ਨਰ, ਸਬ ਡਵੀਜ਼ਨ ਮੈਜਿਸਟ੍ਰੇਟ ਦਫ਼ਤਰਾਂ ਸਮੇਤ ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿਚ 2 ਦਿਨ 16 ਅਤੇ 17 ਮਾਰਚ ਨੂੰ ਹੜਤਾਲ ਕਰਕੇ ਕੰਮ ਕਾਜ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਸੀ। ਵਧੀਕ ਮੁੱਖ ਸਕੱਤਰ ਕਮ ਵਿੱਤ ਕਮਿਸ਼ਨਰ ਮਾਲ ਨੂੰ ਲਿਖੇ ਪੱਤਰ ਵਿਚ ਯੂਨੀਅਨ ਵਲੋਂ ਦੋਸ਼ ਲਗਾਇਆ ਗਿਆ ਕਿ 9 -10 ਮਾਰਚ ਦੀ ਦਰਮਿਆਨੀ ਰਾਤ ਥਾਣਾ ਜੰਡਿਆਲਾ ਗੁਰੂ ਦੇ ਐਸ. ਐਚ. ਓ. ਵਲੋਂ ਪੁਲਿਸ ਪਾਰਟੀ ਸਮੇਤ ਯੂਨੀਅਨ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਦੇ ਘਰ ਪਹੁੰਚ ਕੇ ਉਨ੍ਹਾਂ ਨਾਲ ਨਾਜਾਇਜ਼ ਖਿੱਚ-ਧੂਹ ਤੇ ਗਾਲੀ ਗਲੋਚ ਕਰਦਿਆਂ ਗ੍ਰਿਫ਼ਤਾਰ ਕਰਕੇ ਸਾਰੀ ਰਾਤ ਹਵਾਲਾਤ ਵਿਚ ਬੰਦ ਰੱਖਿਆ ਗਿਆ। ਇਸ ਦੌਰਾਨ ਅੰਮ੍ਰਿਤਧਾਰੀ ਤੇਜਿੰਦਰ ਸਿੰਘ ਨੰਗਲ ਦੇ ਸਾਰੇ ਕਕਾਰ ਤੇ ਪੱਗ ਉਤਰਵਾਈ ਗਈ। ਯੂਨੀਅਨ ਵਲੋਂ ਉਕਤ ਪੁਲਿਸ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਕਲਮਛੋੜ ਤੇ ਕੰਪਿਊਟਰ ਬੰਦ ਰੱਖਣ ਦਾ ਐਲਾਨ ਕਰਦਿਆਂ 16 ਮਾਰਚ ਨੂੰ ਦਫ਼ਤਰਾਂ ਵਿਚ ਕਲਮਛੋੜ ਤੇ ਕੰਪਿਊਟਰ ਬੰਦ ਕਰਕੇ ਰੋਸ ਕੀਤਾ ਗਿਆ,ਜਦਕਿ ਅੱਜ 17 ਮਾਰਚ ਨੂੰ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਫ਼ਤਰ ਅੱਗੇ ਸਮੁੱਚੇ ਪੰਜਾਬ ਵਿਚੋਂ ਪਹੁੰਚੇ ਕਰਮਚਾਰੀਆਂ ਵੱਲੋਂ ਰੋਸ ਪ੍ਰਦਰਸ਼ਨ ਕਰਕੇ ਕਾਰਵਾਈ ਦੀ ਮੰਗ ਕੀਤੀ ਗਈ। ਪਰੰਤੂ ਸਰਕਾਰ ਵਲੋਂ ਕਾਰਵਾਈ ਨਾ ਕੀਤੇ ਜਾਣ ਵਿਰੁੱਧ ਹੁਣ ਯੂਨੀਅਨ ਵਲੋਂ ਅਗਲੇ ਤਿੰਨ ਦਿਨ 18,19 ਤੇ 20 ਮਾਰਚ ਨੂੰ ਕੰਮਕਾਜ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਗਿਆ ਹੈ। 21,22 ਮਾਰਚ ਨੂੰ ਸ਼ਨਿੱਚਰਵਾਰ ਤੇ ਐਤਵਾਰ ਹੋਣ ਕਾਰਨ ਅਤੇ 23 ਮਾਰਚ ਸੋਮਵਾਰ ਨੂੰ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਹੋਣ ਕਾਰਨ ਸੋਮਵਾਰ ਤੋਂ ਲੈ ਕੇ ਅਗਲੇ ਸੋਮਵਾਰ ਤੱਕ ਡਿਪਟੀ ਕਮਿਸ਼ਨਰ, ਐਸ. ਡੀ. ਐਮ. ਦਫ਼ਤਰਾਂ ਅਤੇ ਸਾਰੀਆਂ ਤਹਿਸੀਲਾਂ ਤੇ ਸਬ ਤਹਿਸੀਲਾਂ ਵਿਚ ਆਮ ਲੋਕਾਂ ਨੂੰ ਆਪਣੇ ਕੰਮਕਾਜ ਲਈ ਖੱਜਲ ਖ਼ੁਆਰ ਹੋਣਾ ਪਵੇਗਾ।
;
;
;
;
;
;
;
;