JALANDHAR WEATHER

ਹਰਸਿਮਰਤ ਕੌਰ ਬਾਦਲ ਦੀ ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਅਪੀਲ, ਮੁੱਖ ਮੰਤਰੀ ਖਿਲਾਫ ਹੋਵੇ ਸਖਤ ਕਾਰਵਾਈ

ਚੰਡੀਗੜ੍ਹ , 17 ਮਾਰਚ : ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਨੇਤਾ ਅਤੇ ਬਠਿੰਡਾ ਦੀ ਐਮ. ਪੀ. ਬੀਬਾ ਹਰਸਿਮਰਤ ਕੌਰ ਬਾਦਲ ਨੇ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਪ੍ਰਧਾਨ  ਵਿਜੇ ਰਾਹਟਕਰ ਨਾਲ ਮੁਲਾਕਾਤ ਕਰਕੇ ਲੁਧਿਆਣਾ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕਰਵਾਏ ਸਮਾਰੋਹ ਦੌਰਾਨ ਮਹਿਲਾਵਾਂ ਖਿਲਾਫ ਗਲਤ ਬਿਆਨਬਾਜ਼ੀ, ਅਪਮਾਨਜਨਕ ਅਤੇ ਇਤਰਾਜਯੋਗ ਟਿੱਪਣੀਆਂ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

ਬਠਿੰਡਾ ਦੀ ਐਮ. ਪੀ. ਨੇ ਕੱਲ੍ਹ ਸ਼ਾਮ ਰਾਸ਼ਟਰੀ ਮਹਿਲਾ ਕਮਿਸ਼ਨ (ਐਨਸੀਡਬਲਿਊ) ਦੀ ਪ੍ਰਧਾਨ ਨਾਲ ਮਿਲ ਕੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਮੁੱਖ ਮੰਤਰੀ ਨੇ ਆਪਣੇ ਭਾਸ਼ਣ ਵਿਚ ਯੌਨ ਸੋਸ਼ਣ ਅਤੇ ਮਹਿਲਾਵਾਂ ਦੀ ਮਰਿਆਦਾ ਨੂੰ ਠੇਸ ਪਹੁੰਚਾਉਣ ਵਾਲੀਆਂ ਟਿੱਪਣੀਆਂ ਕੀਤੀਆਂ ਹਨ, ਇਸ ਲਈ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਬੀਬਾ ਹਰਸਿਮਰਤ ਕੌਰ ਬਾਦਲ ਨੇ ਕਮਿਸ਼ਨ ਦੀ ਪ੍ਰਧਾਨ ਨੂੰ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ ਤਾਂ ਜੋ ਇਹ ਸਖਤ ਸੰਦੇਸ਼ ਜਾਵੇ ਕਿ ਮਹਿਲਾਵਾਂ ਨੂੰ ਇਸ ਤਰ੍ਹਾਂ ਵਸਤੂ ਵਾਂਗ ਨਹੀਂ ਦੇਖਿਆ ਜਾ ਸਕਦਾ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬੀਬਾ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਵਿਸਥਾਰ ਨਾਲ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਆਪਣੇ ਦੋਸਤਾਂ ਦੇ ਸਾਹਮਣੇ ਇਕ ਕੁੜੀ ਨਾਲ ਰਿਸ਼ਤੇ ਦਾ ਝੂਠਾ ਦਾਅਵਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਉਸ ਕੁੜੀ ਨੂੰ ਉਸ ਦੇ ਕੱਪੜਿਆਂ ਦੇ ਆਧਾਰ ’ਤੇ ‘ਪੀਲੀ ਤਤੈਆ’, ‘ਪਾਕਿਸਤਾਨ ਦਾ ਝੰਡਾ’ ਅਤੇ ‘ਬੰਬ ਸ਼ੈਲ’ ਵਰਗੇ ਸ਼ਬਦਾਂ ਨਾਲ ਸੰਬੋਧਨ ਕਰਕੇ ਉਸਦੀ ਤੌਹੀਨ ਕੀਤੀ।


ਐਮ. ਪੀ. ਨੇ ਕਿਹਾ ਕਿ ਇਸ ਤੋਂ ਵੀ ਵੱਧ ਚਿੰਤਾਜਨਕ ਗੱਲ ਇਹ ਹੈ ਕਿ ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਕਾਲਜ ਦੇ ਦਿਨਾਂ ਵਿਚ ਉਨ੍ਹਾਂ ਦੇ ਪ੍ਰਸਤਾਵ ਨੂੰ ਠੁਕਰਾਉਣ ਵਾਲੀਆਂ ਕੁੜੀਆਂ ਵਿਚੋਂ ਇਕ ਕਾਲਜ ਦੇ ਸਮਾਰੋਹ ਵਿਚ ਸਵਾਗਤ ਲਈ ਖੜ੍ਹੀ ਸੀ, ਜਿਥੇ ਉਨ੍ਹਾਂ ਨੇ ਪੜ੍ਹਾਈ ਕੀਤੀ ਸੀ ਅਤੇ ਉਨ੍ਹਾਂ ਨੂੰ ਮੰਚ ਕਲਾਕਾਰ ਬਣਨ ਤੋਂ ਬਾਅਦ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਸੀ। ਬੀਬਾ ਬਾਦਲ ਨੇ ਕਿਹਾ ਕਿ ਜਿਸ ਤਰੀਕੇ ਨਾਲ ਇਹ ਕਿੱਸਾ ਸੁਣਾਇਆ ਗਿਆ, ਉਸ ਤੋਂ ਇਹ ਦਰਸਾਇਆ ਗਿਆ ਕਿ ਕਿਵੇਂ ਇਕ ਮਹਿਲਾ ਜਿਸ ਨੇ ਉਨ੍ਹਾਂ ਦੇ ਪ੍ਰਸਤਾਵ ਨੂੰ ਅਸਵਿਕਾਰ ਕਰਨ ਦਾ ਸਾਹਸ ਕੀਤਾ ਸੀ, ਉਸ ਨੂੰ ਬਾਅਦ ਵਿਚ ਆਪਣੀ ਤਾਕਤ ਅਤੇ ਅਧਿਕਾਰ ਦਾ ਪ੍ਰਦਰਸ਼ਨ ਕਰਨ ਲਈ ਸਰਕਾਰੀ ਸਮਾਰੋਹ ਵਿਚ ਉਨ੍ਹਾਂ ਦਾ ਸਵਾਗਤ ਕਰਨ ਲਈ ਮਜਬੂਰ ਕੀਤਾ ਗਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ