ਸਕੂਟਰ ਸਵਾਰਾਂ ਨੂੰ ਕਾਰ ਨੇ ਮਾਰੀ ਟੱਕਰ, ਇਕ ਦੀ ਮੌਤ
ਭਵਾਨੀਗੜ੍ਹ (ਸੰਗਰੂਰ), 17 ਮਾਰਚ (ਲਖਵਿੰਦਰ ਪਾਲ ਗਰਗ) - ਸੰਗਰੂਰ-ਪਟਿਆਲਾ ਮੁੱਖ ਸੜਕ ’ਤੇ ਕਾਲਾਝਾੜ ਟੋਲ ਪਲਾਜ਼ੇ ਕੋਲ ਪਿੰਡ ਮੁਨਸ਼ੀਵਾਲਾ ਨੂੰ ਜਾਂਦੀ ਸੜਕ ਦੇ ਕੱਟ ਨੇੜੇ ਸਕੂਟਰ ਸਵਾਰ ਦਾਦਾ-ਪੋਤੀ ਨੂੰ ਪਟਿਆਲਾ ਸਾਈਡ ਤੋਂ ਆਉਂਦੀ ਇਕ ਕਾਰ ਵਲੋਂ ਟੱਕਰ ਮਾਰ ਦੇਣ ਕਾਰਨ ਦਾਦੇ ਦੀ ਮੌਤ ਹੋ ਜਾਣ ਤੇ ਪੋਤੀ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ।
ਇਸ ਸੰਬੰਧੀ ਮਨਜੀਤ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਦਿੜ੍ਹਬਾ ਵਲੋਂ ਪੁਲਿਸ ਨੂੰ ਕੀਤੀ ਗਈ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਪਿਤਾ ਨਾਹਰ ਸਿੰਘ (72) ਪੁੱਤਰ ਆਸ਼ਾ ਸਿੰਘ ਆਪਣੀ ਪੋਤੀ ਸਿਮਰਨ ਨੂੰ ਸਕੂਟਰ ਰਾਹੀਂ ਦਿੜ੍ਹਬੇ ਤੋਂ ਨਾਭੇ ਪੇਪਰ ਦਿਵਾਉਣ ਲਈ ਜਾ ਰਿਹਾ ਸੀ ਕਿ ਮੁਨਸ਼ੀਵਾਲਾ ਤੋਂ ਕਾਲਾਝਾੜ ਟੋਲ ਪਲਾਜ਼ੇ ਨੂੰ ਜਾਂਦੀ ਮੁੱਖ ਸੰਗਰੂਰ-ਪਟਿਆਲਾ ਸੜਕ ਦੇ ਕੱਟ ਕੋਲ ਪਟਿਆਲਾ ਸਾਈਡ ਤੋਂ ਆਉਂਦੀ ਇਕ ਕਾਰ ਵਲੋਂ ਉਨ੍ਹਾਂ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਦਾਦਾ-ਪੋਤੀ ਸੜਕ ’ਤੇ ਡਿੱਗ ਕੇ ਗੰਭੀਰ ਜਖ਼ਮੀ ਹੋ ਗਏ। ਜਦੋਂ ਉਹ ਆਪਣੇ ਪਿਤਾ ਨਾਹਰ ਸਿੰਘ ਤੇ ਲੜਕੀ ਸਿਮਰਨ ਨੂੰ ਚੁੱਕਣ ਲੱਗਿਆ ਤਾਂ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਫਿਰ ਉਸ ਨੇ ਰਾਹਗੀਰਾਂ ਦੀ ਮਦਦ ਨਾਲ ਐਂਬੂਲੈਂਸ ਰਾਹੀਂ ਆਪਣੇ ਪਿਤਾ ਤੇ ਲੜਕੀ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ। ਜਿੱਥੋਂ ਡਾਕਟਰਾਂ ਨੇ ਉਸ ਦੀ ਲੜਕੀ ਦਾ ਇਲਾਜ ਕਰ ਕੇ ਛੁੱਟੀ ਦੇ ਦਿੱਤੀ ਜਦੋਂਕਿ ਉਸ ਦੇ ਪਿਤਾ ਨਾਹਰ ਸਿੰਘ ਦੀ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਮੌਤ ਹੋ ਗਈ। ਇਸ ਸੰਬੰਧੀ ਕਾਲਾਝਾੜ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
;
;
;
;
;
;
;
;
;