ਨਿਊਜ਼ੀਲੈਂਡ ਵਿਖੇ ਸਜਾਏ ਜਾ ਰਹੇ ਨਗਰ ਕੀਰਤਨ ਦੌਰਾਨ ਇਕ ਕੱਟੜ ਪੰਥੀ ਗਰੁੱਪ ਦੇ ਕੁਝ ਅਨਸਰਾਂ ਵਲੋਂ ਖਲਲ ਪਾਉਣ ਦੀ ਕੋਸ਼ਿਸ਼
ਆਕਲੈਂਡ, 20 ਦਸੰਬਰ (ਹਰਮਨਪ੍ਰੀਤ ਸਿੰਘ ਗੋਲੀਆ)- ਅੱਜ ਕੱਲ੍ਹ ਚੱਲ ਰਹੇ ਪੋਹ ਦੇ ਮਹੀਨੇ ਸ਼ਹੀਦੀ ਪੰਦਰਵਾੜੇ ਮੌਕੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਅਤੇ ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਨਗਰ ਕੀਰਤਨ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮਨੁਰੇਵਾ ਵਿਖੇ ਸਜਾਇਆ ਗਿਆ। ਗੁਰੂ ਘਰ ਤੋਂ ਸਜਾਏ ਗਏ ਇਸ ਨਗਰ ਕੀਰਤਨ ਵਿਚ ਜਿਥੇ ਵੱਡੀ ਗਿਣਤੀ ਵਿਚ ਬੱਚਿਆਂ, ਨੌਜਵਾਨਾਂ, ਬੀਬੀਆਂ ਤੇ ਬਜ਼ੁਰਗਾਂ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ, ਉਥੇ ਹੀ ਗੁਰੂ ਘਰ ਦੇ ਕੀਰਤਨੀਆਂ ਵਲੋਂ ਨਗਰ ਕੀਰਤਨ ਵਿਚ ਜਿਥੇ ਕੀਰਤਨ ਗਾਇਨ ਕੀਤਾ ਗਿਆ ਨਾਲ ਦੀ ਨਾਲ ਨਿਊਜ਼ੀਲੈਂਡ ਦੀ ਨੌਜਵਾਨ ਪੀੜੀ ਵਲੋਂ ਨਗਰ ਕੀਰਤਨ ਦੇ ਅੱਗੇ ਗਤਕੇ ਦੇ ਜੌਹਰ ਵੀ ਵਿਖਾਏ ਗਏ। ਇਹ ਨਗਰ ਕੀਰਤਨ ਮਨਰੇਵਾ ਦੀਆਂ ਵੱਖ ਵੱਖ ਸੜਕਾਂ ’ਤੋਂ ਹੁੰਦਾ ਹੋਇਆ ਜਦੋਂ ਆਪਣੇ ਅੰਤਲੇ ਪੜਾਅ ਦੇ ਨਜ਼ਦੀਕ ਸੀ ਤਾਂ ਗੁਰਦੁਆਰਾ ਸਾਹਿਬ ਤੋਂ ਕਰੀਬ ਤਿੰਨ 400 ਮੀਟਰ ਦੂਰ ਨਿਊਜ਼ੀਲੈਂਡ ਦੇ ਇਕ ਚਰਚਿਤ ਕੱਟੜ ਪੰਥੀ ਗਰੁੱਪ ਵਲੋਂ ਨਗਰ ਕੀਰਤਨ ਦੇ ਵਿਚ ਖਲਲ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਭਾਵੇਂ ਸਥਾਨਕ ਗਰੇਟ ਸਾਊਥ ਰੋਡ ਉੱਤੇ ਕੁਝ ਸਮੇਂ ਲਈ ਨਗਰ ਕੀਰਤਨ ਨੂੰ ਰੋਕੀ ਰੱਖਿਆ ਗਿਆ ਤੇ ਸਥਾਨਕ ਪੁਲਿਸ ਦੇ ਆਉਣ ਤੋਂ ਬਾਅਦ ਨਗਰ ਕੀਰਤਨ ਨੂੰ ਅੰਤਲੇ ਪੜਾਅ ਗੁਰੂ ਘਰ ਲਈ ਰਵਾਨਾ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਸਥਾਨਕ ਕੱਟੜਪੰਥੀ ਗਰੁੱਪ ਦੇ ਆਗੂ ਵਲੋਂ ਸੋਸ਼ਲ ਮੀਡੀਆ ’ਤੇ ਪੋਸਟਾਂ ਪਾ ਇਸ ਦੀ ਪੁਸ਼ਟੀ ਵੀ ਕੀਤੀ ਗਈ ਹੈ। ਇਸ ਗਰੁੱਪ ਦੇ ਕਰੀਬ 354 ਨੌਜਵਾਨਾਂ ਨੇ ਇਕੋ ਰੰਗ ਦੀਆਂ ਟੀ-ਸ਼ਰਟਾਂ ਪਾ ਕੇ ਜਿਨ੍ਹਾਂ ’ਤੇ ਉਹਨਾਂ ਦੇ ਸਲੋਗਨ ਵੀ ਲਿਖੇ ਹੋਏ ਸਨ ਅਤੇ ਵੱਡਾ ਬੈਨਰ, ਜਿਸ ਦੇ ਉੱਤੇ ‘ਦਿਸ ਇਜ਼ ਨਿਊਜ਼ੀਲੈਂਡ ਨੋਟ ਇੰਡੀਆ’ ਲਿਖਿਆ ਹੋਇਆ ਸੀ ਤੇ ਹੋਰ ਕਈ ਵਿਰੋਧ ਪੱਖੀ ਨਾਅਰੇ ਵੀ ਉਨ੍ਹਾਂ ਵਲੋਂ ਲਗਾਏ ਜਾ ਰਹੇ ਸਨ ਨੇ ਨਗਰ ਕੀਰਤਨ ਦੇ ਅੱਗੇ ਆ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਿੱਖ ਭਾਈਚਾਰੇ ਦੇ ਨਗਰ ਕੀਰਤਨ ਵਿਚ ਸ਼ਾਮਿਲ ਪ੍ਰਬੰਧਕਾਂ ਅਤੇ ਸੰਗਤਾਂ ਵਲੋਂ ਪਹਿਲਾਂ ਸ਼ਾਂਤੀ ਬਣਾਈ ਰੱਖੀ ਗਈ ਤੇ ਉਪਰੰਤ ਉਹਨਾਂ ਵਲੋਂ ਵੀ ਬੋਲੇ ਸੋ ਨਿਹਾਲ ਦੇ ਨਾਅਰੇ ਲਗਾਏ ਗਏ। ਥੋੜੀ ਤਲਖੀ ਵਧਦੀ ਦੇਖ ਨਿਊਜ਼ੀਲੈਂਡ ਪੁਲਿਸ ਦੇ ਕਰਮਚਾਰੀ ਦੋਵੇਂ ਧਿਰਾਂ ਦੇ ਵਿਚ ਆ ਖੜੇ ਹੋਏ ਤੇ ਉਨ੍ਹਾਂ ਮਾਹੌਲ ਨੂੰ ਠੰਡਾ ਕਰਦਿਆਂ ਨਗਰ ਕੀਰਤਨ ਨੂੰ ਰੋਕਣ ਆਏ ਨੌਜਵਾਨਾਂ ਨੂੰ ਸੜਕ ਦੇ ਇਕ ਪਾਸੇ ਕਰਕੇ ਨਗਰ ਕੀਰਤਨ ਨੂੰ ਗੁਰੂ ਘਰ ਵੱਲ ਜਾਣ ਲਈ ਰਵਾਨਾ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਜਿਥੇ ਸਥਾਨਕ ਭਾਈਚਾਰੇ ਵਲੋਂ ਵਰਤੀ ਗਈ ਸੂਝ-ਬੂਝ ਕਾਰਨ ਕੋਈ ਅਣ-ਸੁਖਾਵੀਂ ਵੱਡੀ ਘਟਨਾ ਵਾਪਰਨ ਤੋਂ ਬਚਾਅ ਹੋ ਗਿਆ, ਉਥੇ ਹੀ ਸੋਸ਼ਲ ਮੀਡੀਆ ’ਤੇ ਵੀ ਇਸ ਘਟਨਾ ਦਾ ਵੱਡੇ ਪੱਧਰ ’ਤੇ ਪ੍ਰਚਾਰ ਹੋ ਰਿਹਾ ਹੈ। ਸਥਾਨਕ ਭਾਈਚਾਰੇ ਦੇ ਆਗੂਆਂ ਦਾ ਕਹਿਣਾ ਹੈ ਕਿ ਕੁਝ ਸ਼ਰਾਰਤੀ ਅਨਸਰ ਜਾਣ ਬੁਝ ਕੇ ਅਜਿਹੀਆਂ ਘਟਨਾਵਾਂ ਨੂੰ ਜਨਮ ਦਿੰਦੇ ਹਨ ਤਾਂ ਜੋ ਉਹ ਮੀਡੀਆ ਦੇ ਵਿਚ ਆ ਸਕਣ ਪਰ ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਤੋਂ ਸਾਨੂੰ ਵੀ ਬਹੁਤ ਕੁਝ ਸਿੱਖਣਾ ਚਾਹੀਦਾ ਹੈ ਤੇ ਅੱਗੇ ਤੋਂ ਸੁਚੇਤ ਵੀ ਰਹਿਣਾ ਪਵੇਗਾ। ਇਸ ਘਟਨਾ ਤੋਂ ਬਾਅਦ ਦੁਨੀਆਂ ਭਰ ਵਿਚ ਮਾਈਗ੍ਰੈਂਟਸ ਵਿਰੁੱਧ ਹੋ ਰਹੇ ਪ੍ਰਚਾਰ ਨੇ ਫਿਰ ਇਕ ਵਾਰ ਨਵੀਂ ਚਰਚਾ ਛੇੜ ਦਿੱਤੀ ਹੈ।
;
;
;
;
;
;
;
;
;