ਅਚਾਨਕ ਗੋਲੀ ਲੱਗਣ ਕਾਰਨ ਇਕ ਨੌਜਵਾਨ ਜ਼ਖਮੀ
ਕਪੂਰਥਲਾ, 27 ਅਗਸਤ (ਅਮਨਜੋਤ ਸਿੰਘ ਵਾਲੀਆ)- ਸ਼ੇਖੂਪੁਰ ਵਿਖੇ ਅਚਾਨਕ ਗੋਲੀ ਚੱਲਣ ਕਾਰਨ ਇਕ ਨੌਜਵਾਨ ਜ਼ਖਮੀ ਹੋ ਗਿਆ, ਜਿਸ ਨੂੰ ਪਰਿਵਾਰਕ ਮੈਂਬਰਾਂ ਨੇ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਊਟੀ ਡਾਕਟਰ ਅਸ਼ੀਸ਼ ਪਾਲ ਸਿੰਘ ਨੇ ਦੱਸਿਆ ਕਿ ਦੇਰ ਰਾਤ ਇਕ ਨੌਜਵਾਨ ਦੇ ਪੈਰ ’ਤੇ ਗੋਲੀ ਲੱਗਣ ਕਾਰਨ ਉਸ ਨੂੰ ਜ਼ਖਮੀ ਹਾਲਤ ਵਿਚ ਲੈ ਕੇ ਆਏ, ਜਿਸ ਦੀ ਪਹਿਚਾਣ ਸੰਜੀਵ ਕੁਮਾਰ ਉਰਫ਼ ਸੋਨੂ ਪੁੱਤਰ ਕੇਸ਼ਵਨਾਥ ਵਾਸੀ ਸ਼ੇਖੂਪੁਰ ਵਜੋਂ ਹੋਈ ਹੈ।
ਉਨ੍ਹਾਂ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਦੇਰ ਰਾਤ ਕਿਸੇ ਪ੍ਰੋਗਰਾਮ ਤੋਂ ਘਰ ਵਾਪਸ ਆਏ ਸਨ, ਜਦੋਂ ਉਹ ਘਰ ਵਿਚ ਜਾਣ ਲੱਗੇ ਤਾਂ ਸੰਜੀਵ ਕੁਮਾਰ ਦੇ ਲਾਇਸੈਂਸੀ ਰਿਵਾਲਵਰ ’ਚੋਂ ਗੋਲੀ ਚੱਲ ਪਈ, ਜੋ ਕਿ ਉਸ ਦੀ ਖੱਬੀ ਲੱਤ ਵਿਚ ਲੱਗੀ ਤੇ ਆਰ ਪਾਰ ਹੋ ਗਈ, ਜਿਸ ਨੂੰ ਮੁਢਲੇ ਇਲਾਜ ਤੋਂ ਬਾਅਦ ਹਾਇਰ ਸੈਂਟਰ ਰੈਫ਼ਰ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਥਾਣਾ ਸਿਟੀ ਦੇ ਏ.ਐਸ.ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸੰਬੰਧੀ ਸੂਚਨਾ ਪ੍ਰਾਪਤ ਹੋ ਗਈ ਹੈ ਤੇ ਉਹ ਜ਼ਖ਼ਮੀ ਨੌਜਵਾਨ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕਰਨਗੇ।